Home » ਪੰਜਾਬ » ਏਮਜ਼ ਬਠਿੰਡਾ ਵੱਲੋਂ 18-19 ਜੁਲਾਈ ਨੂੰ ਰਾਸ਼ਟਰੀ ਐਡਵਾਂਸਡ ਗਾਇਨਾਕੋਲੋਜੀਕਲ ਬ੍ਰੈਕੀਥੈਰੇਪੀ ਵਰਕਸ਼ਾਪ ਦਾ ਆਯੋਜਨ

ਏਮਜ਼ ਬਠਿੰਡਾ ਵੱਲੋਂ 18-19 ਜੁਲਾਈ ਨੂੰ ਰਾਸ਼ਟਰੀ ਐਡਵਾਂਸਡ ਗਾਇਨਾਕੋਲੋਜੀਕਲ ਬ੍ਰੈਕੀਥੈਰੇਪੀ ਵਰਕਸ਼ਾਪ ਦਾ ਆਯੋਜਨ

Facebook
X
WhatsApp
Email
–ਔਰਤਾਂ ਦੇ ਕੈਂਸਰ ਸਬੰਧੀ ਇਲਾਜ ਬਾਰੇ ਹੋਵੇਗੀ ਚਰਚਾ
ਟਾਈਮਜ਼ ਆਫ਼ ਪੰਜਾਬ ਬਿਊਰੋ
ਬਠਿੰਡਾ, 14 ਜੁਲਾਈ :–  ਪ੍ਰੋ. (ਡਾ.) ਰਤਨ ਗੁਪਤਾ, ਕਾਰਜਕਾਰੀ ਨਿਰਦੇਸ਼ਕ, ਏਮਜ਼ ਬਠਿੰਡਾ ਦੀ ਸਰਪ੍ਰਸਤੀ ਹੇਠ, ਰੇਡੀਏਸ਼ਨ ਔਂਕੋਲੋਜੀ ਵਿਭਾਗ, ਏਮਜ਼ ਬਠਿੰਡਾ ਵੱਲੋਂ ਇੰਡੀਅਨ ਬ੍ਰੈਕੀਥੈਰੇਪੀ ਸੋਸਾਇਟੀ ਦੇ ਸਹਿਯੋਗ ਨਾਲ 18 ਅਤੇ 19 ਜੁਲਾਈ ਨੂੰ ਰਾਸ਼ਟਰੀ ਐਡਵਾਂਸਡ ਗਾਇਨਾਕੋਲੋਜੀਕਲ ਬ੍ਰੈਕੀਥੈਰੇਪੀ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਮੁੱਖ ਸਰਪ੍ਰਸਤ ਪ੍ਰੋ. (ਡਾ.) ਨੀਰਜਾ ਭਾਟਲਾ ਨੇ ਕਿਹਾ ਕਿ ਔਰਤਾਂ ਸਬੰਧੀ ਕੈਂਸਰ, ਖਾਸ ਕਰਕੇ ਸਰਵਾਈਕਲ, ਬੱਚੇਦਾਨੀ (ਯੂਟੇਰਾਈਨ), ਯੋਨੀ (ਵੈਜਾਈਨਲ) ਅਤੇ ਵਲਵਾ ਕੈਂਸਰ, ਭਾਰਤ ਵਿੱਚ ਮਹਿਲਾਵਾਂ ਦੀ ਸਿਹਤ ਉੱਤੇ ਵੱਡਾ ਬੋਝ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਵਾਈਕਲ ਕੈਂਸਰ ਭਾਰਤੀ ਮਹਿਲਾਵਾਂ ਵਿੱਚ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ।
ਉਨ੍ਹਾਂ ਦੱਸਿਆ ਕਿ ਹਰ ਸਾਲ ਲਗਭਗ 80,000 ਮਹਿਲਾਵਾਂ ਦੀ ਇਸ ਬਿਮਾਰੀ ਕਾਰਨ ਮੌਤ ਹੋ ਜਾਂਦੀ ਹੈ। ਇਸ ਦਾ ਅਰਥ ਹੈ ਕਿ ਹਰ 8 ਮਿੰਟ ਵਿੱਚ ਇੱਕ ਭਾਰਤੀ ਮਹਿਲਾ ਸਰਵਾਈਕਲ ਕੈਂਸਰ ਕਾਰਨ ਆਪਣੀ ਜਾਨ ਗਵਾ ਬੈਠਦੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਇਹ ਹੈ ਕਿ 60 ਫੀਸਦੀ ਤੋਂ ਵੱਧ ਮਾਮਲਿਆਂ ਦੀ ਪਛਾਣ ਬਿਮਾਰੀ ਦੇ ਅਗਲੇ ਪੜਾਅ ਵਿੱਚ ਹੁੰਦੀ ਹੈ।
ਡਾ. ਰਤਨ ਗੁਪਤਾ ਨੇ ਕਿਹਾ ਕਿ ਆਧੁਨਿਕ ਇਲਾਜ, ਜਿਨ੍ਹਾਂ ਵਿੱਚ ਐਕਸਟਰਨਲ ਬੀਮ ਰੇਡੀਓਥੈਰੇਪੀ ਨੂੰ ਬ੍ਰੈਕੀਥੈਰੇਪੀ ਨਾਲ ਜੋੜਿਆ ਜਾਂਦਾ ਹੈ। ਇਹ ਤਕਨੀਕਾਂ ਮਰੀਜ਼ਾਂ ਦੀ ਜੀਵਨ ਦਰ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਸਫਲ ਸਾਬਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਬ੍ਰੈਕੀਥੈਰੇਪੀ ਰਾਹੀਂ ਰੇਡੀਏਸ਼ਨ ਨੂੰ ਸਿੱਧੇ ਟਿਊਮਰ ਤੱਕ ਪਹੁੰਚਾਇਆ ਜਾਂਦਾ ਹੈ, ਜਿਸ ਨਾਲ ਵਧੇਰੇ ਸਟੀਕ ਅਤੇ ਬਿਹਤਰ ਨਤੀਜੇ ਮਿਲਦੇ ਹਨ।
ਉਨ੍ਹਾਂ ਸਮਝਾਇਆ ਕਿ ਬ੍ਰੈਕੀਥੈਰੇਪੀ ਇੱਕ ਅੰਦਰੂਨੀ ਰੇਡੀਏਸ਼ਨ ਥੈਰੇਪੀ ਹੈ, ਜਿਸ ਦੀ ਵਰਤੋਂ ਕੈਂਸਰ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਸ ਵਿੱਚ ਰੇਡੀਓਐਕਟਿਵ ਪਦਾਰਥ, ਜਿਵੇਂ ਕਿ ਸੀਡ, ਪੈਲਟ ਜਾਂ ਕੈਪਸੂਲ, ਨੂੰ ਸਿੱਧੇ ਟਿਊਮਰ ਦੇ ਅੰਦਰ ਜਾਂ ਉਸ ਦੇ ਬਹੁਤ ਨੇੜੇ ਰੱਖਿਆ ਜਾਂਦਾ ਹੈ। ਇਸ ਟਾਰਗੇਟਡ ਤਰੀਕੇ ਨਾਲ ਕੈਂਸਰ ਕੋਸ਼ਿਕਾਵਾਂ ਨੂੰ ਉੱਚ ਮਾਤਰਾ ਵਿੱਚ ਰੇਡੀਏਸ਼ਨ ਦਿੱਤੀ ਜਾਂਦੀ ਹੈ, ਜਦਕਿ ਆਲੇ-ਦੁਆਲੇ ਦੇ ਸਿਹਤਮੰਦ ਕੋਸ਼ਿਕਾਵਾਂ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਦਾ ਹੈ।
ਡਾ. ਗੁਪਤਾ ਨੇ ਦੱਸਿਆ ਕਿ ਏਮਜ਼ ਬਠਿੰਡਾ ਵਿਖੇ ਸਮੁੱਚੀ ਕੈਂਸਰ ਦੇਖਭਾਲ ਲਈ ਅਤਿ-ਆਧੁਨਿਕ ਬੁਨਿਆਦੀ ਢਾਂਚਾ ਉਪਲਬਧ ਹੈ, ਜਿਸ ਵਿੱਚ ਦੋ ਐਡਵਾਂਸਡ ਲੀਨੀਅਰ ਐਕਸੀਲੇਟਰ (LINAC) ਮਸ਼ੀਨਾਂ, ਸਮਰਪਿਤ ਬ੍ਰੈਕੀਥੈਰੇਪੀ ਯੂਨਿਟ ਅਤੇ ਪੂਰੀ ਤਰ੍ਹਾਂ ਸਜਿਆ-ਸਵਰਿਆ ਬ੍ਰੈਕੀਥੈਰੇਪੀ ਆਪਰੇਸ਼ਨ ਥੀਏਟਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੰਸਥਾ ਪੰਜਾਬ ਅਤੇ ਨੇੜਲੇ ਖੇਤਰਾਂ ਦੇ ਮਰੀਜ਼ਾਂ ਨੂੰ ਕਿਫਾਇਤੀ ਅਤੇ ਮਿਆਰੀ ਇਲਾਜ ਮੁਹੱਈਆ ਕਰਵਾਉਣ ਲਈ ਸਰਕਾਰ ਦੀਆਂ ਵੱਖ-ਵੱਖ ਕੈਂਸਰ ਯੋਜਨਾਵਾਂ ਨੂੰ ਵੀ ਲਾਗੂ ਕਰ ਰਹੀ ਹੈ।
ਇਸ ਵਰਕਸ਼ਾਪ ਵਿੱਚ ਏਮਜ਼, ਟਾਟਾ ਮੈਮੋਰੀਅਲ ਹਸਪਤਾਲ (ਟੀਐਮਐਚ) ਮੁੰਬਈ, ਪੀ ਜੀ ਆਈ ਚੰਡੀਗੜ੍ਹ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਦੇ ਪ੍ਰਸਿੱਧ ਮਾਹਿਰ ਸ਼ਿਰਕਤ ਕਰਨਗੇ। ਉਹ ਲੈਕਚਰ ਦੇਣਗੇ, ਲਾਈਵ ਡੈਮੋਨਸਟ੍ਰੇਸ਼ਨ ਕਰਨਗੇ ਅਤੇ ਸਿਖ਼ਲਾਈ ਵੀ ਦੇਣਗੇ। ਦੇਸ਼ ਭਰ ਤੋਂ ਡਾਕਟਰਾਂ ਅਤੇ ਮਾਹਿਰਾਂ ਦੇ ਇਸ ਰਾਸ਼ਟਰੀ ਪੱਧਰੀ ਅਕਾਦਮਿਕ ਸਮਾਗਮ ਵਿੱਚ ਹਿੱਸਾ ਲੈਣ ਦੀ ਉਮੀਦ ਹੈ।
ਆਯੋਜਨ ਚੇਅਰਪਰਸਨ ਪ੍ਰੋ. (ਡਾ.) ਅਨਿਲ ਗੋਇਲ ਨੇ ਦੱਸਿਆ ਕਿ ਦੋ ਦਿਨਾਂ ਦੇ ਇਸ ਪ੍ਰੋਗਰਾਮ ਦੌਰਾਨ ਐਡਵਾਂਸਡ ਇਮੇਜ-ਗਾਈਡਡ ਗਾਇਨੀਕੋਲੋਜੀਕਲ ਬ੍ਰੈਕੀਥੈਰੇਪੀ ਤਕਨੀਕਾਂ, ਆਧੁਨਿਕ ਇਲਾਜ ਯੋਜਨਾਬੰਦੀ, ਕੁਆਲਿਟੀ ਐਸ਼ੋਰੈਂਸ ਅਤੇ ਕਲੀਨਿਕਲ ਕੇਸਾਂ ‘ਤੇ ਚਰਚਾ ਕੀਤੀ ਜਾਵੇਗੀ। ਇਸ ਦਾ ਉਦੇਸ਼ ਰੇਡੀਏਸ਼ਨ ਔਨਕੋਲੋਜੀ ਦੇ ਖੇਤਰ ਵਿੱਚ ਮਾਹਰਤਾ ਨੂੰ ਹੋਰ ਮਜ਼ਬੂਤ ਕਰਨਾ ਅਤੇ ਸਰਵੋਤਮ ਮਿਆਰਾਂ ਨੂੰ ਇਕਸਾਰ ਤੌਰ ‘ਤੇ ਲਾਗੂ ਕਰਨਾ ਹੈ।
ਆਯੋਜਨ ਸਕੱਤਰ ਡਾ. ਸਪਨਾ ਮਾਰਕਸ ਭੱਟੀ ਅਤੇ ਡਾ. ਰੋਹਿਤ ਮਹਾਜਨ ਨੇ ਦੱਸਿਆ ਕਿ ਏਮਜ਼ ਬਠਿੰਡਾ ਵੱਲੋਂ ਇਸ ਪਹਿਲ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਹੈ, ਜੋ ਕੈਂਸਰ ਦੇ ਇਲਾਜ ਨੂੰ ਤਕਨਾਲੋਜੀ, ਸਿਖਲਾਈ ਅਤੇ ਆਪਸੀ ਸਹਿਯੋਗ ਰਾਹੀਂ ਹੋਰ ਅੱਗੇ ਵਧਾਉਣ ਲਈ ਸੰਸਥਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories