ਟਾਈਮਜ਼ ਆਫ਼ ਪੰਜਾਬ ਬਿਊਰੋ
ਮੋਗਾ,28 ਅਗਸਤ – ਪਿੰਡ ਕਾਹਨ ਸਿੰਘ ਵਾਲਾ (ਮੋਗਾ) ਵਿਖੇ ਸਮਾਜ ਸੇਵੀ ਸੰਸਥਾ ਸ਼ਰਨ ਫਾਊਂਡੇਸ਼ਨ ਵੱਲੋਂ ਨੈਬ ਫਾਊਂਡੇਸ਼ਨ ਅਤੇ ਨੈਬ ਕਿਸਾਨ ਫਾਈਨਾਂਸ ਲਿਮਿਟਡ ਦੇ ਵਿਸ਼ੇਸ਼ ਸਹਿਯੋਗ ਨਾਲ ਪੇਂਡੂ ਵਿਕਾਸ ਦੇ ਨਿਵੇਕਲੇ ਪ੍ਰੋਜੈਕਟ ਪ੍ਰਗਤੀ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ, ਜਿਸ ਵਿੱਚ ਸ਼੍ਰੀ ਜਤਿੰਦਰਜੋਤ ਸਿੰਘ ਜਿਲ੍ਹਾ ਵਿਕਾਸ ਪ੍ਰਬੰਧਕ ਮੋਗਾ ਨਾਬਾਰਡ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪਿੰਡਾਂ ਦੀ ਨੁਹਾਰ ਬਦਲਣ ਦੀ ਇਸ ਪਹਿਲ ਦੀ ਭਰਪੂਰ ਸ਼ਲਾਘਾ ਕੀਤੀ। ਉਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੋ ਵੀ ਕੰਮ ਇਸ ਪ੍ਰੋਜੈਕਟ ਤਹਿਤ ਹੋ ਰਹੇ ਹਨ ਹੁਣ ਪਿੰਡ ਵਾਸੀਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਅੱਗੇ ਲੈ ਕੇ ਜਾਣ ਅਤੇ ਪਿੰਡ ਨੂੰ ਕੂੜਾ ਮੁਕਤ ਕਰਨ ਲਈ ਵੀ ਆਪਣਾ ਯੋਗਦਾਨ ਪਾਉਣI ਇਸ ਪ੍ਰੋਗਰਾਮ ਵਿੱਚ ਸ਼੍ਰੀ ਅਲੀ ਉਸਮਾਨ ਬੇਗ ਟੀਮ ਲੀਡ ਨੈਬ ਫਾਊਂਡੇਸ਼ਨ ਉਚੇਚੇ ਤੋਰ ਤੇ ਮੁੰਬਈ ਤੋਂ ਪੁਹੰਚੇI ਉਨਾਂ ਨੇ ਹੁਣ ਤੱਕ ਹੋਏ ਕੰਮਾਂ ਬਾਰੇ ਗੱਲਬਾਤ ਕੀਤੀ ਅਤੇ ਤੇ ਪਿੰਡ ਵਾਸੀਆਂ ਨੂੰ ਉਹਨਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਦਾ ਵਿਸ਼ਵਾਸ ਦਵਾਇਆ Iਸਮਾਗਮ ਦੀ ਸ਼ੁਰੂਆਤ ਵਿੱਚ ਸ਼ਰਨ ਫਾਊਂਡੇਸ਼ਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਕੇ ਅਤੇ ਪ੍ਰੋਜੈਕਟ ਦੇ ਉਦੇਸ਼ਾਂ ਬਾਰੇ ਜਾਣਕਾਰੀ ਦੇ ਕੇ ਕੀਤੀ ਅਤੇ ਪਿੰਡਾਂ ਵਿੱਚ ਲੰਬੇ ਸਮੇਂ ਲਈ ਟਿਕਾਊ ਵਿਕਾਸ ਯਕੀਨੀ ਬਣਾਉਣ ਦੀ ਵਚਨਬੱਧਤਾ ਦੁਹਰਾਈ। ਓਹਨਾ ਦੱਸਿਆ ਕਿ ਇਹ ਪ੍ਰੋਜੈਕਟ ਮੋਗਾ ਦੇ ਕਾਹਨ ਸਿੰਘ ਵਾਲਾ ਅਤੇ ਜੋਗੇਵਾਲਾ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਪ੍ਰੋਜੈਕਟ ਵਿੱਚ ਪਿੰਡ ਦੇ ਛੱਪੜ ਦਾ ਸੁੰਦਰੀਕਰਨ ਅਤੇ ਨਵੀਨੀਕਰਨ ਕਰਨਾ ਰੋਜ਼ੀ-ਰੋਟੀ (Livelihood) ਅਧੀਨ ਜਰੂਰਤਮੰਦ ਲੋਕਾਂ ਨੂੰ ਬੈਕਯਾਰਡ ਪੋਲਟਰੀ ਅਤੇ ਬੱਕਰੀ ਪਾਲਣ ਰਾਹੀਂ ਆਤਮ-ਨਿਰਭਰ ਬਣਾਉਣਾ, ਕੁਦਰਤੀ ਖੇਤੀ (Natural Farming) ਨੂੰ ਉਤਸਾਹਿਤ ਕਰਨਾ, ਘਰੇਲੂ ਗੰਦੇ ਪਾਣੀ ਦੇ ਨਿਕਾਸ ਲਈ ਸੋਕਪਿੱਟ ਬਣਾਉਣਾ, ਫਲਾਂ ਦੇ ਬਾਗ ਲਗਾਉਣਾ ਅਤੇ ਪਰਿਵਾਰਾਂ ਲਈ ਸ਼ੁੱਧ ਅਤੇ ਕੁਦਰਤੀ ਤਰੀਕੇ ਨਾਲ ਕਿਚਨ ਗਾਰਡਨ ਦਾ ਨਿਰਮਾਣ ਕਰਨਾ ਸ਼ਾਮਿਲ ਹੈI ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਡਾਕਟਰ ਹਰਜਾਪ ਕੌਰ ਵੈਟਨਰੀ ਅਫਸਰ ਵੀ ਪਹੁੰਚੇ ਅਤੇ ਉਨਾਂ ਨੇ ਆਏ ਹੋਏ ਲੋਕਾਂ ਨੂੰ ਡਿਪਾਰਟਮੈਂਟ ਦੀਆਂ ਵੱਖ ਵੱਖ ਸਕੀਮਾਂ ਤੋਂ ਜਾਣੂ ਕਰਵਾਇਆI ਇਸ ਦੌਰਾਨ ਆਏ ਹੋਏ ਪਿੰਡ ਵਾਸੀਆਂ ਨੇ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਪ੍ਰੋਜੈਕਟ ਪ੍ਰਗਤੀ ਤਹਿਤ ਉਹਨਾਂ ਦੇ ਪਿੰਡ ਵਿੱਚ ਬਹੁਤ ਸਾਰੇ ਵਿਕਾਸ ਵਾਲੇ ਕੰਮ ਚੱਲ ਰਹੇ ਹਨ ਜਿਸ ਨਾਲ ਲੋਕਾ ਨੂੰ ਬਹੁਤ ਜਿਆਦਾ ਫਾਇਦਾ ਹੋ ਰਿਹਾ ਹੈ ਖਾਸ ਤੌਰ ਤੇ ਪਿੰਡ ਕਾਨ ਸਿੰਘ ਵਾਲਾ ਵਿਖੇ ਹੋਏ ਛੱਪੜ ਦੀ ਸਫਾਈ ਦੇ ਕੰਮ ਦੀ ਉਹਨਾਂ ਨੇ ਸਲਾਂਗਾ ਕਰਦੇ ਹੋਏ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਮੀਂਹ ਦੇ ਮੌਸਮ ਵਿੱਚ ਛੱਪਰ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਸੀ ਪਰ ਸੰਸਥਾ ਵੱਲੋਂ ਖੂਹਾਂ ਦਾ ਨਿਰਮਾਣ ਕਰਕੇ ਤੇ ਛੱਪੜ ਨੂੰ ਡੂੰਘਾ ਕੀਤਾ ਗਿਆ ਹੈ ਜਿਸ ਨਾਲ ਪਿੰਡ ਵਾਸੀਆਂ ਅਤੇ ਖਾਸ ਤੌਰ ਤੇ ਛੱਪੜ ਦੇ ਨੇੜੇ ਰਹਿਣ ਵਾਲੇ ਘਰਾਂ ਨੂੰ ਬਹੁਤ ਹੀ ਰਾਹਤ ਮਿਲੀ ਹੈI ਇਸ ਦੌਰਾਨ ਦੋਵਾਂ ਪਿੰਡਾਂ ਦੀ ਪੰਚਾਇਤ ਪਿੰਡ ਵਿਕਾਸ ਕਮੇਟੀ ਅਤੇ ਵੱਡੀ ਗਿਣਤੀ ਵਿੱਚ ਦੋਵਾਂ ਪਿੰਡਾਂ ਦੇ ਵਸਨੀਕ ਹਾਜਰ ਸਨI
- 0
- 0
- 0
- 0















