–ਜਲ ਸਰੋਤ ਮੰਤਰੀ ਨੇ ਹਰੀਕੇ ਬੰਨ੍ਹ ਦਾ ਲਿਆ ਜਾਇਜ਼ਾ ਅਤੇ ਸੁਣੀਆਂ ਮੁਸ਼ਕਿਲਾਂ
–ਕਿਹਾ, ਪੰਜਾਬ ਸਰਕਾਰ ਨੇ 414.75 ਕਰੋੜ ਰੁਪਏ ਦੇ ਸੁਰੱਖਿਆ ਕਾਰਜਾਂ ਨਾਲ ਹੜ੍ਹ ਰੋਕੂ ਪ੍ਰਬੰਧਾਂ ਨੂੰ ਕੀਤਾ ਮਜ਼ਬੂਤ
ਟਾਈਮਜ਼ ਆਫ਼ ਪੰਜਾਬ ਬਿਊਰੋ
ਹਰੀਕੇ ਪੱਤਣ/ਤਰਨ ਤਾਰਨ, 9 ਜੁਲਾਈ :--ਸੂਬਾ ਸਰਕਾਰ ਹੜ੍ਹ ਸੁਰੱਖਿਆ ਕਾਰਜਾਂ ਨੂੰ ਸਮੇਂ ਸਿਰ ਲਾਗੂ ਕਰਕੇ, ਨਿਰੰਤਰ ਫੀਲਡ ਨਿਗਰਾਨੀ ਅਤੇ ਸਾਰੇ ਸਬੰਧਤ ਵਿਭਾਗਾਂ ਅਤੇ ਏਜੰਸੀਆਂ ਨਾਲ ਨੇੜ੍ਹਲੇ ਤਾਲਮੇਲ ਰਾਹੀਂ ਹੜ੍ਹਾਂ ਨਾਲ ਸਬੰਧਤ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ, ਤਾਂ ਜੋ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਹੜ੍ਹਾਂ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ। ਇਹ ਪ੍ਰਗਟਾਵਾ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਰੀਕੇ ਹੈੱਡ ਵਰਕਸ ਦੇ ਡਾਊਨ ਸਟਰੀਮ ਵਾਲੇ ਪਾਸੇ ਹਰੀਕੇ ਹਥਾੜ ਖੇਤਰ ਦੇ ਦੌਰੇ ਦੌਰਾਨ ਬੰਨ੍ਹ ਦਾ ਜਾਇਜ਼ਾ ਲੈਣ ਮੌਕੇ ਕੀਤਾ। ਇਸ ਦੌਰਾਨ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਅਤੇ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।
ਇਸ ਦੌਰਾਨ ਉਨ੍ਹਾਂ ਹਰੀਕੇ ਹਥਾੜ ਖੇਤਰ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਇਸ ਮੌਕੇ ਹੜ੍ਹ ਪੀੜ੍ਹਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਆਹਲੂਵਾਲੀਆ, ਕਿਸਾਨ ਆਗੂ ਜੋਗਿੰਦਰ ਸਿੰਘ ਗੱਟੀ ਹਰੀਕੇ ਤੇ ਹੋਰ ਕਿਸਾਨਾਂ ਨੇ ਪਾਣੀ ਦੇ ਵਹਾਅ ਕਾਰਨ ਢਾਹ ਲੱਗਣ ਕਾਰਨ ਧੁੱਸੀ ਬੰਨ੍ਹ ਨੂੰ ਪੈਦਾ ਹੋਏ ਖ਼ਤਰੇ ਤੋਂ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ। ਕੈਬਨਿਟ ਮੰਤਰੀ ਨੇ ਕਿਸਾਨਾਂ ਦੀ ਗੱਲ ਨੂੰ ਬੜੇ ਗਾਹ ਨਾਲ ਸੁਣਿਆ ਅਤੇ ਮੌਕਾ ਵੇਖਣ ਤੋਂ ਬਾਅਦ ਸਬੰਧਿਤ ਅਧਿਕਾਰੀਆਂ ਨੂੰ ਇਸਦੇ ਬਚਾਅ ਲਈ ਫੌਰਨ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ ਹੜ੍ਹਾਂ ਤੋਂ ਬਚਾਅ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਅਤੇ ਇਸ ਸਬੰਧੀ ਕੋਈ ਵੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮਾਨਸੂਨ ਦੇ ਸੀਜ਼ਨ ਦੌਰਾਨ ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਤੋਂ ਸੂਬੇ ਦੇ ਲੋਕਾਂ ਦੇ ਬਚਾਅ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਬਨਿਟ ਮੰਤਰੀ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਲੋਕਾਂ ਦੀ ਜਾਨ-ਮਾਲ, ਵਾਹੀਯੋਗ ਜ਼ਮੀਨ ਅਤੇ ਜਨਤਕ ਬੁਨਿਆਦੀ ਢਾਂਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਮਜ਼ਬੂਤ ਨਿਗਰਾਨ ਪ੍ਰਣਾਲੀ ਅਤੇ ਰੱਖਿਆ ਢਾਂਚਾ ਤਿਆਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ 414.75 ਕਰੋੜ ਰੁਪਏ ਦੇ ਸੁਰੱਖਿਆ ਕਾਰਜਾਂ ਨਾਲ ਹੜ੍ਹ ਰੋਕੂ ਪ੍ਰਬੰਧਾਂ ਨੂੰ ਕੀਤਾ ਮਜ਼ਬੂਤ ਕੀਤਾ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਡਰੇਨਾਂ ਦੀ ਸਫ਼ਾਈ ਤੋਂ ਇਲਾਵਾ ਸੰਵੇਦਨਸ਼ੀਲ ਥਾਵਾਂ, ਜਿੱਥੇ ਕੰਮ ਚੱਲ ਰਹੇ ਸਨ ਜਾਂ ਮੁਕੰਮਲ ਹੋ ਚੁੱਕੇ ਸਨ, ਦਾ ਵਿਆਪਕ ਦੌਰਾ ਕਰਕੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਹੜ੍ਹਾਂ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਸੰਵੇਦਨਸ਼ੀਲ ਥਾਵਾਂ ’ਤੇ ਲਗਾਤਾਰ ਨਿਗਰਾਨੀ ਰੱਖੀ ਜਾਵੇ ਅਤੇ ਦਰਿਆਵਾਂ, ਡਰੇਨਾਂ, ਬੰਨ੍ਹਾਂ ਅਤੇ ਹੜ੍ਹ ਸੁਰੱਖਿਆ ਢਾਂਚੇ ਦੀ ਨਿਰੰਤਰ ਨਿਗਰਾਨੀ ਯਕੀਨੀ ਬਣਾਈ ਜਾਵੇ ਅਤੇ ਜਿੱਥੇ ਵੀ ਕੋਈ ਕਮੀ ਨਜ਼ਰ ਆਵੇ, ਉੱਥੇ ਤੁਰੰਤ ਸੁਧਾਰਾਤਮਕ ਕਦਮ ਚੁੱਕੇ ਜਾਣ ਤਾਂ ਜੋ ਮਾਨਸੂਨ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
- 0
- 0
- 0
- 0














