–ਡੇਅਰੀ ਫਾਰਮਰਾਂ ਨੂੰ ਦਰਿਆ ਵਿੱਚ ਗੋਬਰ ਨਾ ਸੁੱਟਣ ਦੀ ਚੇਤਾਵਨੀ; ਨਗਰ ਨਿਗਮ ਵੱਲੋਂ ਨਿਯੁਕਤ ਠੇਕੇਦਾਰ ਨੂੰ ਗੋਬਰ ਸੌਂਪਣ ਦੀ ਅਪੀਲ
ਟਾਈਮਜ਼ ਆਫ਼ ਪੰਜ਼ਾਬ ਬਿਊਰੋ
ਲੁਧਿਆਣਾ, 5 ਅਕਤੂਬਰ: –-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਨਗਰ ਨਿਗਮ (ਐਮ.ਸੀ.) ਕਮਿਸ਼ਨਰ ਓਜਸਵੀ ਅਲੰਕਾਰ ਨੇ ਸੋਮਵਾਰ ਨੂੰ ਸ਼ਿੰਗਾਰ ਸਿਨੇਮਾ ਨੇੜੇ ਐਮ.ਸੀ. ਜ਼ੋਨ-ਬੀ ਦਫ਼ਤਰ ਵਿਖੇ ਤਾਜਪੁਰ ਰੋਡ ਡੇਅਰੀ ਕੰਪਲੈਕਸ ਦੇ ਡੇਅਰੀ ਫਾਰਮਰਾਂ ਨਾਲ ਇੱਕ ਸਮੀਖਿਆ ਬੈਠਕ ਕੀਤੀ। ਇਸ ਦਾ ਮੁੱਖ ਮਕਸਦ ਡੇਅਰੀ ਫਾਰਮਰਾਂ ਨੂੰ ਬੁੱਢੇ ਦਰਿਆ ਅਤੇ ਸੀਵਰ ਲਾਈਨਾਂ ਵਿੱਚ ਗੋਬਰ ਸੁੱਟਣ ਤੋਂ ਰੋਕਣਾ ਸੀ। ਡੇਅਰੀ ਫਾਰਮਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਗੋਬਰ ਉਸ ਠੇਕੇਦਾਰ ਦੇ ਹਵਾਲੇ ਕਰਨ, ਜਿਸ ਨੂੰ ਨਗਰ ਨਿਗਮ ਵੱਲੋਂ ਡੇਅਰੀ ਕੰਪਲੈਕਸਾਂ ਤੋਂ ਗੋਬਰ ਚੁੱਕਣ ਲਈ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਠੇਕੇਦਾਰ ਨੂੰ ਵੀ ਰੇਹੜੀਆਂ/ਕਾਰਟਾਂ ਵਿੱਚ ਗੋਬਰ ਚੁੱਕਣ ਲਈ ਜ਼ਰੂਰੀ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਬੈਠਕ ਦੌਰਾਨ ਹੈਬੋਵਾਲ ਅਤੇ ਤਾਜਪੁਰ ਰੋਡ ਡੇਅਰੀ ਕੰਪਲੈਕਸਾਂ ਵਿੱਚ ਬਾਇਓਗੈਸ ਪਲਾਂਟ ਲਗਾਉਣ ਦੇ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਸਖ਼ਤ ਨਿਰਦੇਸ਼ ਵੀ ਜਾਰੀ ਕੀਤੇ ਗਏ।
ਐਮ.ਪੀ. ਸੀਚੇਵਾਲ, ਮੇਅਰ ਇੰਦਰਜੀਤ ਕੌਰ, ਐਮ.ਐਲ.ਏ. ਗਰੇਵਾਲ ਅਤੇ ਐਮ.ਸੀ. ਕਮਿਸ਼ਨਰ ਅਲੰਕਾਰ ਨੇ ਦੱਸਿਆ ਕਿ ਸੀਵਰ ਲਾਈਨਾਂ ਵਿੱਚ ਗੋਬਰ ਸੁੱਟਣ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟਾਂ (STP) ਅਤੇ ਐਫਲੂਐਂਟ ਟ੍ਰੀਟਮੈਂਟ ਪਲਾਂਟਾਂ (ETP) ਦੀ ਕਾਰਜਪ੍ਰਣਾਲੀ ਵੀ ਪ੍ਰਭਾਵਿਤ ਹੋ ਰਹੀ ਹੈ। ਇਹ ਦੱਸਦਿਆਂ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਡੇਅਰੀ ਕੰਪਲੈਕਸ ਦੀਆਂ ਗਲੀਆਂ ਵਿੱਚੋਂ ਗੋਬਰ ਸਾਫ਼ ਕਰ ਦਿੱਤਾ ਜਾਵੇਗਾ, ਡੇਅਰੀ ਫਾਰਮਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਮੁੜ ਗਲੀਆਂ ਜਾਂ ਸੀਵਰ ਲਾਈਨਾਂ ਵਿੱਚ ਗੋਬਰ ਸੁੱਟਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਮ.ਪੀ. ਸੀਚੇਵਾਲ, ਮੇਅਰ ਇੰਦਰਜੀਤ ਕੌਰ ਅਤੇ ਐਮ.ਐਲ.ਏ. ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਵਚਨਬੱਧ ਹੈ। ਉਹ ਡੇਅਰੀ ਫਾਰਮਰਾਂ ਦੇ ਖ਼ਿਲਾਫ਼ ਨਹੀਂ ਹਨ ਅਤੇ ਆਮ ਜਨਤਾ ਦੀ ਸਹੂਲਤ ਲਈ ਹਮੇਸ਼ਾ ਤਿਆਰ ਹਨ। ਪਰ ਦਰਿਆ ਵਿੱਚ ਪ੍ਰਦੂਸ਼ਣ ਘਟਾਉਣ ਲਈ ਕਦਮ ਚੁੱਕਣੇ ਜ਼ਰੂਰੀ ਹਨ ਅਤੇ ਡੇਅਰੀ ਮਾਲਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਜੇਕਰ ਫਿਰ ਵੀ ਕੋਈ ਦਰਿਆ ਜਾਂ ਸੀਵਰ ਲਾਈਨਾਂ ਵਿੱਚ ਗੋਬਰ ਸੁੱਟਦਾ ਫੜਿਆ ਗਿਆ ਤਾਂ ਪ੍ਰਸ਼ਾਸਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਵੇਗਾ।
- 0
- 0
- 0
- 0















