Home » ਪੰਜਾਬ » ਸਰਕਾਰੀ ਸਕੂਲਾਂ ਦੇ ਬੱਚੇ ਸਿੱਖਣਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਬਣਾਉਣਗੇ ਰੋਬੋਟ

ਸਰਕਾਰੀ ਸਕੂਲਾਂ ਦੇ ਬੱਚੇ ਸਿੱਖਣਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਬਣਾਉਣਗੇ ਰੋਬੋਟ

Facebook
X
WhatsApp
Email
ਟਾਈਮਜ਼ ਆਫ਼ ਪੰਜ਼ਾਬ ਬਿਊਰੋ 
ਅੰਮ੍ਰਿਤਸਰ, 6 ਅਕਤੂਬਰ:– ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਰੋਬੋਟਿਕਸ ਅਤੇ ਸਾਈਬਰ ਸਿਕਿਉਰਿਟੀ ਵਰਗੀਆਂ ਆਧੁਨਿਕ ਤਕਨੀਕਾਂ ਵਿੱਚ ਹੁਨਰਮੰਦ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਸ. ਹਰਜਿੰਦਰ ਸਿੰਘ ਵੱਲੋਂ ਅੱਜ ਮਾਧਵ ਵਿਦਿਆ ਨਿਕੇਤਨ ਸਕੂਲ, ਰਣਜੀਤ ਐਵੀਨਿਊ ਵਿਖੇ ਜ਼ਿਲ੍ਹੇ ਦੇ ਸਮੂਹ ਪ੍ਰਿੰਸੀਪਲਾਂ ਅਤੇ ਹੈੱਡ ਮਾਸਟਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ SOAR (Skilling for AI Readiness), Digital India Hub ਦੇ ਨੈਸ਼ਨਲ ਚੇਅਰਮੈਨ ਸ. ਗੁਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਧ ਰਹੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਸਰਕਾਰ ਵੱਲੋਂ AI ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਇਸ ਖੇਤਰ ਵਿੱਚ ਹੁਨਰਮੰਦ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਹਰਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਕੇਂਦਰ ਸਰਕਾਰ ਵੱਲੋਂ ਉਪਲਬਧ ਕਰਵਾਏ ਗਏ ‘Skill India for AI Readiness’ ਪੋਰਟਲ ਰਾਹੀਂ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਵਿਦਿਆਰਥੀਆਂ ਨੂੰ AI ਅਤੇ ਹੋਰ ਉੱਭਰ ਰਹੀਆਂ ਤਕਨੀਕਾਂ ਦਾ ਗਿਆਨ ਦੇਣਾ ਸਮੇਂ ਦੀ ਲੋੜ ਹੈ, ਤਾਂ ਜੋ ਉਹ ਭਵਿੱਖ ਦੀਆਂ ਚੁਣੌਤੀਆਂ ਅਤੇ ਰੋਜ਼ਗਾਰ ਦੇ ਮੌਕਿਆਂ ਲਈ ਤਿਆਰ ਹੋ ਸਕਣ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ‘ਮਿਸ਼ਨ ਰਫ਼ਤਾਰ’ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਤਹਿਤ ਪੰਜਾਬ ਭਰ ਦੇ 425 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ AI, ਰੋਬੋਟਿਕਸ ਅਤੇ ਸਾਈਬਰ ਸਿਕਿਉਰਿਟੀ ਵਿੱਚ ਹੁਨਰਮੰਦ ਬਣਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਅੰਮ੍ਰਿਤਸਰ ਜ਼ਿਲ੍ਹੇ ਦੇ 27 ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਅਧਿਆਪਕਾਂ ਦੀ ਵਿਸ਼ੇਸ਼ ਟ੍ਰੇਨਿੰਗ ਵੱਖ-ਵੱਖ ਸੰਸਥਾਵਾਂ ਵਿੱਚ ਕਰਵਾਈ ਜਾ ਰਹੀ ਹੈ। ਇਸ ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ AI, ਰੋਬੋਟਿਕਸ ਅਤੇ ਸਾਈਬਰ ਸਿਕਿਉਰਿਟੀ ਸਬੰਧੀ ਵਿਹਾਰਕ ਅਤੇ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਪੂਰੀ ਹੋਣ ਉਪਰੰਤ ਇਹ ਅਧਿਆਪਕ ਆਪਣੇ-ਆਪਣੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਆਧੁਨਿਕ ਤਕਨੀਕਾਂ ਦੀ ਸਿਖਲਾਈ ਦੇਣਗੇ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਇਨ੍ਹਾਂ 27 ਸਕੂਲਾਂ ਨੂੰ ਰੋਬੋਟਿਕ ਕਿੱਟਾਂ ਦੀ ਖਰੀਦ ਲਈ 50-50 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਨ੍ਹਾਂ ਕਿੱਟਾਂ ਦੀ ਮਦਦ ਨਾਲ ਵਿਦਿਆਰਥੀ ਵੱਖ-ਵੱਖ AI ਅਤੇ ਰੋਬੋਟਿਕਸ ਪ੍ਰੋਜੈਕਟ ਤਿਆਰ ਕਰਨਗੇ ਅਤੇ ਸਿੱਖਿਆ ਨੂੰ ਸਿਰਫ਼ ਸਿਧਾਂਤਕ ਗਿਆਨ ਤੱਕ ਸੀਮਤ ਰੱਖਣ ਦੀ ਬਜਾਏ ਪ੍ਰੈਕਟੀਕਲ ਅਤੇ ਪ੍ਰੋਜੈਕਟ-ਅਧਾਰਿਤ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨਾ, ਉਨ੍ਹਾਂ ਵਿੱਚ ਰਚਨਾਤਮਕ ਸੋਚ, ਸਮੱਸਿਆ ਹੱਲ ਕਰਨ ਦੀ ਸਮਰੱਥਾ ਅਤੇ ਨਵੀਆਂ ਤਕਨੀਕਾਂ ਨੂੰ ਅਮਲ ਵਿੱਚ ਲਿਆਉਣ ਦਾ ਹੁਨਰ ਵਿਕਸਿਤ ਕਰਨਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਉੱਚ ਸਿੱਖਿਆ ਅਤੇ ਰੋਜ਼ਗਾਰ ਦੇ ਖੇਤਰ ਵਿੱਚ ਨਵੇਂ ਮੌਕਿਆਂ ਲਈ ਤਿਆਰ ਕਰਨ ਵਿੱਚ ਵੀ ਮਦਦ ਮਿਲੇਗੀ।
ਮੀਟਿੰਗ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਖੰਨਾ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਮਿਸ਼ਨ ਰਫ਼ਤਾਰ ਸ੍ਰੀ ਸੌਰਭ ਦੀਪ ਵੀ ਹਾਜ਼ਰ ਸਨ।
Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News