––ਕੇਸ ਨੂੰ ਟਰੇਸ ਕਰਨ ਲਈ ਕਰੀਬ 150 ਕਿਲੋਮੀਟਰ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ
ਬੌਬੀ ਸਹਿਜ਼ਲ
ਖੰਨਾ, 8 ਮਈ –– ਸਥਾਨਕ ਪੁਲਿਸ ਨੇ ਜੀਟੀ ਰੋਡ ਸਥਿਤ ਪ੍ਰੇਮ ਵੈਸ਼ਨੋ ਢਾਬੇ ’ਤੇ ਹੋਈ ਫਾਇਰਿੰਗ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਕੇਸ ਵਿੱਚ ਦੋ ਮੁੱਖ ਸ਼ੂਟਰਾਂ ਸਮੇਤ ਪੰਜ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਇੱਕ ਮੁਲਜ਼ਮ ਹਥਿਆਰ ਬਰਾਮਦ ਕਰਾਉਣ ਸਮੇਂ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਵਿੱਚ ਛੱਤ ਤੋਂ ਛਾਲ ਮਾਰ ਬੈਠਾ, ਜਿਸ ਕਾਰਨ ਉਹ ਜਖਮੀ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ 1 ਮਈ ਦੀ ਸਵੇਰ ਜੀਟੀ ਰੋਡ ’ਤੇ ਸਥਿਤ ਪ੍ਰੇਮ ਵੈਸ਼ਨੋ ਢਾਬੇ ’ਤੇ ਅਣਪਛਾਤੇ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ ਖੰਨਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੂੰ ਤੁਰੰਤ ਜਾਂਚ ਲਈ ਲਗਾਇਆ ਗਿਆ ਅਤੇ ਕੇਸ ਨੂੰ ਟਰੇਸ ਕਰਨ ਲਈ ਕਰੀਬ 150 ਕਿਲੋਮੀਟਰ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ, ਜਿਸ ਤੋਂ ਬਾਅਦ ਪੁਲਿਸ ਦੋ ਮੁੱਖ ਸ਼ੂਟਰਾਂ ਤੱਕ ਪਹੁੰਚਣ ਵਿੱਚ ਕਾਮਯਾਬ ਰਹੀ। ਖੰਨਾ ਪੁਲਿਸ ਨੇ ਸਾਹਿਬਜੋਤ ਸਿੰਘ ਵਾਸੀ ਪਿੰਡ ਫਲੌਡ ਕਲਾਂ, ਥਾਣਾ ਸਦਰ ਅਹਿਮਦਗੜ੍ਹ, ਜ਼ਿਲ੍ਹਾ ਮਲੇਰਕੋਟਲਾ ਅਤੇ ਮਨੀਸ਼ ਸ਼ਰਮਾ ਵਾਸੀ ਬਸੰਤ ਨਗਰ, ਸ਼ਿਮਲਾਪੁਰੀ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਦੋਵਾਂ ਨੇ ਕਬੂਲਿਆ ਕਿ ਢਾਬੇ ’ਤੇ ਗੋਲੀਆਂ ਉਹਨਾਂ ਨੇ ਹੀ ਚਲਾਈਆਂ ਸਨ।
ਐਸਐਸਪੀ ਖੰਨਾ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪਰਵਿੰਦਰ ਸਿੰਘ ਉਰਫ ਲਾਡੀ ਵਾਸੀ ਪਿੰਡ ਚੜੀ, ਜੋ ਇਸ ਵੇਲੇ ਪੀਰਖਾਨਾ ਰੋਡ ਖੰਨਾ ਵਿਖੇ ਰਹਿੰਦਾ ਹੈ, ਨੇ ਆਪਣੇ ਸਾਥੀਆਂ ਅਮਨਦੀਪ ਸਿੰਘ ਉਰਫ ਅਮਨੀ, ਵਿਵੇਕ ਸਿੰਘ ਉਰਫ ਵਿੱਕੀ ਅਤੇ ਮੁਹੰਮਦ ਅਖਤਰ ਨਾਲ ਮਿਲ ਕੇ ਪੂਰੀ ਸਾਜ਼ਿਸ਼ ਰਚੀ ਸੀ। ਇਨ੍ਹਾਂ ਵੱਲੋਂ ਸ਼ੂਟਰਾਂ ਨੂੰ ਪਿਸਟਲ, ਚੋਰੀ ਦਾ ਮੋਟਰਸਾਈਕਲ ਅਤੇ ਰਹਿਣ ਲਈ ਠਿਕਾਣਾ ਮੁਹੱਈਆ ਕਰਵਾਇਆ ਗਿਆ ਸੀ, ਜਦਕਿ ਮੁਹੰਮਦ ਅਖਤਰ ਨੇ ਪ੍ਰੇਮ ਢਾਬੇ ਦੀ ਰੇਕੀ ਕੀਤੀ ਸੀ।
ਪੁਲਿਸ ਨੇ ਮੁੱਖ ਸ਼ੂਟਰਾਂ ਤੋਂ ਇਲਾਵਾ ਅਮਨਦੀਪ ਸਿੰਘ ਅਮਨੀ, ਵਿਵੇਕ ਸਿੰਘ ਵਿੱਕੀ ਅਤੇ ਮੁਹੰਮਦ ਅਖਤਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਇਸ ਮਾਮਲੇ ਦਾ ਸਾਜ਼ਿਸ਼ਕਾਰ ਪਰਵਿੰਦਰ ਸਿੰਘ ਲਾਡੀ ਅਜੇ ਫ਼ਰਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।
ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਮਨੀਸ਼ ਸ਼ਰਮਾ ਦੀ ਪੁੱਛਗਿੱਛ ਦੌਰਾਨ ਇਹ ਜਾਣਕਾਰੀ ਮਿਲੀ ਕਿ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਪਿੰਡ ਈਸੜੂ ਨੇੜੇ ਇੱਕ ਪੈਟਰੋਲ ਪੰਪ ਕੋਲ ਮੋਟਰ ਦੀ ਛੱਤ ’ਤੇ ਲੁਕਾਇਆ ਗਿਆ ਹੈ। ਇਸ ਤੋਂ ਬਾਅਦ ਥਾਣਾ ਸਿਟੀ 1 ਦੇ ਐਸਐਚਓ ਦੀ ਅਗਵਾਈ ਹੇਠ ਪੁਲਿਸ ਪਾਰਟੀ ਮਨੀਸ਼ ਸ਼ਰਮਾ ਨੂੰ ਨਾਲ ਲੈ ਕੇ ਮੌਕੇ ’ਤੇ ਪੁੱਜੀ। ਹਥਿਆਰ ਬਰਾਮਦ ਕਰਾਉਣ ਦੌਰਾਨ ਮਨੀਸ਼ ਨੇ ਅਚਾਨਕ ਮੋਟਰ ਦੀ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਉਹ ਜਖਮੀ ਹੋ ਗਿਆ। ਪੁਲਿਸ ਨੇ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸ਼ਗਨਪ੍ਰੀਤ ਸਿੰਘ ਉਰਫ ਸ਼ਗਨ, ਜੋ ਇਸ ਸਮੇਂ ਆਸਟਰੇਲੀਆ ਵਿੱਚ ਰਹਿੰਦਾ ਹੈ ਅਤੇ ਗੈਂਗਸਟਰ ਡੋਨੀ ਬਲ ਦੇ ਸੰਪਰਕ ਵਿੱਚ ਹੈ, ਇਸ ਸਾਰੀ ਸਾਜ਼ਿਸ਼ ਨਾਲ ਜੁੜਿਆ ਹੋ ਸਕਦਾ ਹੈ। ਪੁਲਿਸ ਮੁਤਾਬਿਕ ਸ਼ਗਨਪ੍ਰੀਤ ਅਤੇ ਡੋਨੀ ਬਲ ਮਿਲ ਕੇ ਪੰਜਾਬ ਵਿੱਚ ਫਿਰੌਤੀਆਂ ਮੰਗਣ ਅਤੇ ਦਹਿਸ਼ਤ ਫੈਲਾਉਣ ਵਾਲੀਆਂ ਕਈ ਵਾਰਦਾਤਾਂ ਕਰਵਾ ਚੁੱਕੇ ਹਨ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਹੋਰ ਵੀ ਗੰਭੀਰ ਖੁਲਾਸਿਆਂ ਦੀ ਸੰਭਾਵਨਾ ਹੈ ਅਤੇ ਪੁੱਛਗਿੱਛ ਜਾਰੀ ਹੈ। ਇਸ ਤੋਂ ਇਲਾਵਾ ਮਨੀਸ਼ ਸ਼ਰਮਾ ਖਿਲਾਫ ਪਹਿਲਾਂ ਵੀ ਸਾਲ 2023 ਵਿੱਚ ਮੋਹਾਲੀ ਦੇ ਸੋਹਾਣਾ ਥਾਣੇ ਵਿੱਚ ਇੱਕ ਮਾਮਲਾ ਦਰਜ਼ ਹੋਣ ਦੀ ਪੁਸ਼ਟੀ ਹੋਈ ਹੈ।
- 0
- 0
- 0
- 0














