Home » ਪੰਜਾਬ » ਪੰਜਾਬ ਐਂਡ ਚੰਡੀਗੜ ਜਰਨਲਿਸਟ ਯੂਨੀਅਨ ਨੇ ਕੌਮਾਂਤਰੀ ਪ੍ਰੈਸ ਆਜ਼ਾਦੀ ਦਿਹਾੜਾ ਮਨਾਇਆ

ਪੰਜਾਬ ਐਂਡ ਚੰਡੀਗੜ ਜਰਨਲਿਸਟ ਯੂਨੀਅਨ ਨੇ ਕੌਮਾਂਤਰੀ ਪ੍ਰੈਸ ਆਜ਼ਾਦੀ ਦਿਹਾੜਾ ਮਨਾਇਆ

Facebook
X
WhatsApp
Email
–ਮੀਡੀਆ ਦੀ ਆਜ਼ਾਦੀ ਲਈ ਸਾਰਿਆਂ ਨੂੰ ਇਕਜੁਟ ਹੋਣ ਦੀ ਲੋੜ : ਹਮੀਰ ਸਿੰਘ
–ਡਾ.ਹਮਦਰਦ ਨੇ ਪੱਤਰਕਾਰਾਂ ਨੂੰ ਅੰਤਰਝਾਤ ਮਾਰਨ ਦੀ ਕੀਤੀ ਅਪੀਲ
–ਪੱਤਰਕਾਰਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਨ ਦੀ ਜਰੂਰਤ: ਬਲਵਿੰਦਰ ਜੰਮੂ
ਭੁੱਚੋ ਮੰਡੀ (ਬਠਿੰਡਾ), 3 ਮਈ (ਪਰਵਿੰਦਰ ਸਿੰਘ ਜੌੜਾ)-
ਪੰਜਾਬ ਐਂਡ ਚੰਡੀਗੜ ਜਰਨਲਿਸਟ ਯੂਨੀਅਨ (ਪੀਸੀਜੇਯੂ) ਵੱਲੋਂ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਵਸ ਮੌਕੇ ‘ਪ੍ਰੈਸ ਦੀ ਆਜ਼ਾਦੀ ਅਤੇ ਪੱਤਰਕਾਰਾਂ ਦੀ ਭੂਮਿਕਾ’ ਵਿਸ਼ੇ ’ਤੇ ਗੋਸ਼ਟੀ ਕਰਵਾਈ ਗਈ। ਸੀਨੀਅਰ ਪੱਤਰਕਾਰ ਹਮੀਰ ਸਿੰਘ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ ਅਜੀਤ ਕੰਵਲ ਸਿੰਘ ਹਮਦਰਦ ਨੇ ਪੱਤਰਕਾਰਾਂ ਨੂੰ ਆਪਣਾ ਰੋਲ ਜ਼ੁੰਮੇਵਾਰੀ ਨਾਲ ਨਿਭਾਉਣਾ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀ ਅਜ਼ਾਦੀ ਕੇਵਲ ਮੀਡੀਆ ਦੀ ਅਜ਼ਾਦੀ ਨਹੀਂ ਬਲਕਿ ਸਮੁੱਚੇ ਸਮਾਜ਼ ਦੀ ਅਜ਼ਾਦੀ ਹੈ।
ਲੋਕਤੰਤਰ ਵਿਚ ਜੇਕਰ ਮੀਡੀਆ ਅਜ਼ਾਦ ਹੈ ਤਾਂ ਹੀ ਸਮਾਜ ਤੇ ਦੇਸ਼ ਸਹੀ ਦਿਸ਼ਾ ਵੱਲ ਅੱਗੇ ਵੱਧ ਸਕਦਾ ਹੈ। ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਸਿਆਸੀ ਲੋਕਾਂ ਤੋਂ ਬਾਅਦ ਦੂਜੇ ਨੰਬਰ ’ਤੇ ਲੋਕ ਇਨਸਾਫ਼ ਦੀ ਉਮੀਦ ਰੱਖਕੇ ਪੱਤਰਕਾਰਾਂ ਕੋਲ੍ਹ ਆਉਂਦੇ ਹਨ। ਲੋਕ ਮਹਿਸੂਸ ਕਰਦੇ ਹਨ ਕਿ ਖ਼ਬਰ ਲੱਗਣ ਨਾਲ ਜਾਂ ਮੀਡੀਆ ਵਿੱਚ ਅਵਾਜ਼ ਚੁੱਕੇ ਜਾਣ ਨਾਲ ਉਹਨਾਂ ਨੂੰ ਇਨਸਾਫ਼ ਮਿਲ ਸਕਦਾ ਹੈ। ਸਮਾਗਮ ਦੀ ਪ੍ਰਧਾਨਗੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਕੀਤੀ, ਜਦੋਂ ਕਿ ਇੰਡੀਅਨ ਜਰਨਲਿਸਟ ਯੂਨੀਅਨ (ਆਈ ਜੇ ਯੂ) ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਇਸ ਮੌਕੇ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਪਿਛਲੇ 25 ਸਾਲਾਂ ਵਿੱਚ ਸਿਰਫ਼ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਮੀਡੀਆ ਦੀ ਆਜ਼ਾਦੀ ਖ਼ਤਰੇ ਵਿੱਚ ਪਈ ਹੈ। ਪੱਤਰਕਾਰਾਂ ’ਤੇ ਹਮਲੇ ਲਗਾਤਾਰ ਹੁੰਦੇ ਜਾ ਰਹੇ ਹਨ। ਸੰਵਿਧਾਨ ਦੀ ਧਾਰਾ 19 ਬੋਲਣ ਦਾ ਅਧਿਕਾਰ ਦਿੰਦੀ ਹੈ, ਪਰ ਹੁਕਮਰਾਨਾਂ ਨੇ ਮੀਡੀਆਂ ਨੂੰ ਦਬਾਉਣ ਅਤੇ ਪੱਤਰਕਾਰਾਂ ਨੂੰ ਬੋਲਣ ਤੋ ਰੋਕਣ ਲਈ ਤਰ੍ਹਾਂ ਤਰ੍ਹਾਂ ਦੇ ਢੰਗ ਲੱਭ ਰਹੇ ਹਨ। ਫਿਰ ਵੀ ਕੁੱਝ ਲੋਕ ਬੋਲਣ ਅਤੇ ਸੱਚ ਲਿਖਣ ਦੀ ਜੁਅਰਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋ ਦੇਸ਼ ਵਿਚ ਕਾਰਪੋਰੇਟ ਘਰਾਣਿਆਂ ਨੇ ਵਪਾਰ ’ਤੇ ਕਬਜ਼ਾ ਕਰ ਲਿਆ ਹੈ ਤਾਂ ਮੀਡੀਆ ਦਾ ਖੇਤਰ ਵੀ ਅਛੂਤਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਕ ਵੱਡੇ ਕਾਰਪੋਰੇਟ ਘਰਾਣੇ ਨੇ ਬਿਜਲੀ ਤੇ ਪ੍ਰਿੰਟ ਮੀਡੀਆਂ ’ਤੇ ਸਿੱਧੇ ਅਸਿੱਧੇ ਰੂਪ ਵਿਚ ਕਬਜ਼ਾ ਕਰ ਲਿਆ ਹੈ। ਕਰੀਬ 72 ਇਲੈਕਟ੍ਰੋਨਿਕਸ ਚੈਨਲਾਂ ਵਿਚ ਉਸਦੀ ਹਿੱਸੇਦਾਰੀ ਹੈ।
ਡਾ. ਅਜੀਤ ਕੰਵਲ ਸਿੰਘ ਹਮਦਰਦ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਜੱਗ ਜਾਹਿਰ ਕਰਨਾ ਪੱਤਰਕਾਰਾਂ ਦੀ ਅਹਿਮ ਡਿਊਟੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਬਹੁਤ ਸ਼ਕਤੀਸ਼ਾਲੀ ਹੈ, ਜਿਸ ਨੂੰ ਆਪਣੀ ਤਾਕਤ ਪਛਾਨਣ ਦੀ ਜਰੂਰਤ ਹੈ ਤਾਂ ਜੋ ਸਮਾਜ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਜਾ ਸਕੇ । ਡਾ ਹਮਦਰਦ ਨੇ ਮੀਡੀਆ ਨਾਲ ਜੁੜੇ ਲੋਕਾਂ ਨੂੰ ਅੰਤਰਝਾਤ ਮਾਰਨ ਦੀ ਅਪੀਲ ਕੀਤੀ।
ਇੰਡੀਅਨ ਜਰਨਲਿਸਟ ਯੂਨੀਅਨ (ਆਈ ਜੇ ਯੂ) ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਨਿਰਪੱਖ ਪੱਤਰਕਾਰਤਾ ਬਹੁਤ ਡੁੰਘੇ ਸੰਕਟ ਵਿੱਚੋਂ ਲੰਘ ਰਹੀ ਹੈ। ਮੀਡੀਆ ਘਰਾਣਿਆਂ ’ਤੇ ਅੱਜ ਕਾਰਪੋਰੇਟਾਂ ਦਾ ਕਬਜ਼ਾ ਹੋ ਗਿਆ ਹੈ। ਅਜਿਹੇ ਹਾਲਾਤਾਂ ਵਿੱਚ ਪੱਤਰਕਾਰ ਜਥੇਬੰਦੀਆਂ ਦਾ ਮਜ਼ਬੂਤ ਹੋਣਾ ਜਰੂਰੀ ਹੈ ਤਾਂ ਜੋ ਪੱਤਰਕਾਰਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਸਕੇ। ਉਨ੍ਹਾਂ ਪੱਤਰਕਾਰਾਂ ਦੀ ਸੁਰੱਖਿਆ ਐਕਟ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਰੇਲਵੇ ਵਿੱਚ ਪੱਤਰਕਾਰਾਂ ਨੂੰ ਮੁਫ਼ਤ ਸਫ਼ਰ ਦੀ ਸਹੁਲਤ ਖਤਮ ਕਰ ਦਿੱਤੀ ਗਈ ਹੈ। ਵਰਕਿੰਗ ਜਰਨਲਿਸਟ ਐਕਟ ਖ਼ਤਮ ਕਰ ਦਿੱਤਾ ਗਿਆ ਹੈ।
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਸਮਾਗਮ ਵਿਚ ਹਾਜ਼ਰ ਪੱਤਰਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਜਦੋਂ ਹਨੇਰੀ ਚੱਲ ਰਹੀ ਹੈ ਤੇ ਝੱਖੜ ਝੁੱਲ ਰਿਹਾ ਹੈ, ਫਿਰ ਵੀ ਕੁੱਝ ਲੋਕ ਤੇ ਸੰਸਥਾਵਾਂ ਹਵਾਂ ਦੇ ਰੁਖ਼ ਦੇ ਉਲਟ ਚੱਲਕੇ ਦੀਵੈ ਬਾਲਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਲੋਕਾਈ ਦੇ ਮਸਲਿਆਂ ਨੂੰ ਚੁੱਕਣਾ ਹੀ ਪੱਤਰਕਾਰ ਦਾ ਅਸਲ ਧਰਮ ਹੈ। ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਨੇ ਕਿਹਾ ਕਿ ਸੱਚ ਬੋਲਣ ਵਾਲੇ ਪੱਤਰਕਾਰਾਂ ਦੇ ਫੇਸਬੁੱਕ ਪੇਜ਼ ਬੰਦ ਕਰਵਾਏ ਜਾ ਰਹੇ ਹਨ ਅਤੇ ਝੂਠੇ ਕੇਸ ਦਰਜ਼ ਕੀਤੇ ਜਾ ਰਹੇ ਹਨ। ਯੂਨੀਅਨ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਮੀਡੀਆ ਦੀ ਅਜ਼ਾਦੀ ਮਾਮਲੇ ਵਿਚ ਇਕ ਸਾਲ ਪਹਿਲਾ 180 ਦੇਸ਼ਾਂ ਵਿੱਚੋਂ ਭਾਰਤ 151 ਨੰਬਰ ’ਤੇ ਸੀ ਜੋ ਕਿ ਅੱਜ 157 ਨੰਬਰ ’ਤੇ ਪੁੱਜ ਗਿਆ ਹੈ।
ਇਸ ਮੌਕੇ ਡਾ ਮੇਘਾ ਸਿੰਘ, ਸਰਬਜੀਤ ਸਿੰਘ ਕੰਗਣੀਵਾਲ, ਸਰਬਜੀਤ ਸਿੰਘ ਭੱਟੀ, ਸੰਦੀਪ ਲਾਧੂਕੇ, ਸੁਖਵਿੰਦਰ ਸਿੰਘ ਸਿੱਧੂ, ਹਰਬੰਸ ਸਿੰਘ ਸੋਢੀ, ਜਸਵਿੰਦਰ ਸਿੰਘ ਰੰਧਾਵਾਂ, ਸਤਿੰਦਰਪਾਲ ਸਿੰਘ ਸਿੱਧੂ ਤੇ ਹੋਰ ਹਾਜ਼ਰ ਸਨ।
Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News