ਟਾਈਮਜ਼ ਆਫ਼ ਪੰਜਾਬ ਬਿਊਰੋ
ਜਲੰਧਰ,21 ਅਕਤੂਬਰ :– ਸੰਸਦ ਮੈਂਬਰ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਕਿਹਾ ਕਿ ਸੂਬੇ ਦੇ ਖੇਡ ਇਤਿਹਾਸ ਵਿੱਚ ਇੱਕ ਅਹਿਮ ਉਪਲਬਧੀ ਵਜੋਂ ਪੰਜਾਬ ਵੱਕਾਰੀ ਪੁਰਸ਼ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸੂਬੇ ਨੂੰ ਕਿਸੇ ਵੱਡੇ ਅੰਤਰਰਾਸ਼ਟਰੀ ਖੇਡ ਮੁਕਾਬਲੇ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ।
ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਦੇ ਨਿਰੀਖਣ ਸਬੰਧੀ ਦੌਰੇ ਦੌਰਾਨ ਸੰਸਦ ਮੈਂਬਰ ਅਤੇ ਸਾਬਕਾ ਖੇਡ ਮੰਤਰੀ ਸ਼੍ਰੀ ਮੀਤ ਹੇਅਰ ਨੇ ਕਿਹਾ ਕਿ ਇਹ ਪ੍ਰਾਪਤੀ ਪੰਜਾਬ ਸਰਕਾਰ ਦੇ ਸੂਬੇ ਨੂੰ ਭਾਰਤ ਦਾ ਮੋਹਰੀ ਖੇਡ ਕੇਂਦਰ ਬਣਾਉਣ ਦੇ ਉਦੇਸ਼ ਨਾਲ ਕੀਤੇ ਜਾ ਰਹੇ ਯਤਨਾਂ ਨੂੰ ਦਰਸਾਉਂਦੀ ਹੈ। ਪੰਜਾਬ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਸ਼੍ਰੀ ਦੀਪਕ ਬਾਲੀ ਸਮੇਤ ਸ਼੍ਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਖੇਡ ਬਜਟ ਵਿੱਚ 13 ਗੁਣਾ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਬੇਮਿਸਾਲ ਵਿੱਤੀ ਹੁਲਾਰੇ ਨੇ ਜ਼ਮੀਨੀ ਪੱਧਰ ਦੇ ਬੁਨਿਆਦੀ ਢਾਂਚੇ ਵਿੱਚ ਕ੍ਰਾਂਤੀ ਲਿਆਂਦੀ ਹੈ।
ਸੰਸਦ ਮੈਂਬਰ ਨੇ ਮੁੱਖ ਮੰਤਰੀ ਸ੍ਰ.ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਪਾਰਦਰਸ਼ੀ ਅਤੇ ਖਿਡਾਰੀ-ਕੇਂਦਰਿਤ ਇਨਾਮ ਨੀਤੀ ਦੀ ਵੀ ਸ਼ਲਾਘਾ ਕੀਤੀ।
27 ਅਕਤੂਬਰ ਤੋਂ 5 ਨਵੰਬਰ 2026 ਤੱਕ ਹੋਣ ਵਾਲੀ ਆਗਾਮੀ ਏਸ਼ੀਅਨ ਚੈਂਪੀਅਨਜ਼ ਟਰਾਫੀ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਪੂਰੇ ਟੂਰਨਾਮੈਂਟ ਦੌਰਾਨ ਦੁਨੀਆ ਦੀਆਂ 6 ਬਿਹਤਰੀਨ ਟੀਮਾਂ ਭਾਰਤ, ਮਲੇਸ਼ੀਆ, ਜਾਪਾਨ, ਦੱਖਣੀ ਕੋਰੀਆ, ਚੀਨ ਅਤੇ ਬੰਗਲਾਦੇਸ਼ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ।
ਪੁਖਤਾ ਸੁਰੱਖਿਆ ਅਤੇ ਵਿਸ਼ਵ-ਪੱਧਰੀ ਪ੍ਰਬੰਧਾਂ ਦਾ ਭਰੋਸਾ ਦਿੰਦਿਆਂ ਸ਼੍ਰੀ ਮੀਤ ਹੇਅਰ ਨੇ ਸਮੂਹ ਪੰਜਾਬੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਖੇਡ ਸਥਾਨਾਂ ‘ਤੇ ਪਹੁੰਚਣ, ਖੇਡ ਮੁਕਾਬਲਿਆਂ ਦਾ ਆਨੰਦ ਲੈਣ, ਆਪਣੇ ਮਨਪਸੰਦ ਅੰਤਰਰਾਸ਼ਟਰੀ ਅਤੇ ਸਥਾਨਕ ਖਿਡਾਰੀਆਂ ਦਾ ਹੌਸਲਾ ਵਧਾਉਣ ਅਤੇ ਵਿਸ਼ਵ ਖੇਡ ਨਕਸ਼ੇ ‘ਤੇ ਪੰਜਾਬ ਦੀ ਸ਼ਾਨਦਾਰ ਵਾਪਸੀ ਦਾ ਜਸ਼ਨ ਮਨਾਉਣ।
- 0
- 0
- 0
- 0














