–ਕੇਸ ’ਚ ਨਾਮਜ਼ਦ ਕਰਨ ਦੀ ਧਮਕੀ ਦੇ ਕੇ ਮੰਗੀ ਸੀ 1 ਲੱਖ ਰੁਪਏ ਰਿਸ਼ਵਤ; 70 ਹਜ਼ਾਰ ’ਚ ਹੋਇਆ ਸੌਦਾ
ਟਾਈਮਜ਼ ਆਫ਼ ਪੰਜ਼ਾਬ ਬਿਊਰੋ
ਮੋਗਾ,27 ਸਤੰਬਰ — ਕੋਟ ਈਸੇ ਖਾਂ ਥਾਣੇ ਵਿੱਚ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਮੁਖੀ ਇੰਸਪੈਕਟਰ ਸੁਨੀਤਾ ਰਾਣੀ ਅਤੇ ਉਸ ਦੇ ਗਨਮੈਨ ਪੀਐੱਚਜੀ ਗੁਰਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੂੰ ਮਾਮਲੇ ਵਿੱਚ ਨਾਮਜ਼ਦ ਕਰਨ ਦੀ ਧਮਕੀ ਦੇ ਕੇ ਕਥਿਤ ਤੌਰ ’ਤੇ ਪਹਿਲਾਂ 1 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਬਾਅਦ ਵਿੱਚ ਇਹ ਸੌਦਾ 70 ਹਜ਼ਾਰ ਰੁਪਏ ਵਿੱਚ ਤੈਅ ਹੋਇਆ। ਇਸ ਵਿੱਚੋਂ 20 ਹਜ਼ਾਰ ਰੁਪਏ ਗਨਮੈਨ ਵੱਲੋਂ ਪਹਿਲਾਂ ਹੀ ਲਏ ਜਾਣ ਦਾ ਦੋਸ਼ ਹੈ ਬਾਕੀ 50 ਹਜ਼ਾਰ ਰੁਪਏ ਲੈਂਦੇ ਸਮੇਂ ਵਿਜੀਲੈਂਸ ਟੀਮ ਨੇ ਗਨਮੈਨ ਨੂੰ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਉਸ ਨੇ ਕਥਿਤ ਤੌਰ ’ਤੇ ਦੱਸਿਆ ਕਿ ਇਹ ਰਕਮ SHO ਸੁਨੀਤਾ ਰਾਣੀ ਨੂੰ ਦੇਣੀ ਸੀ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ SHO ਨੂੰ ਵੀ ਪੈਸੇ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਐਤਵਾਰ ਨੂੰ ਦੋਵਾਂ ਦਾ ਫਿਰੋਜ਼ਪੁਰ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਮੀਡੀਆ ਵੱਲੋਂ ਗ੍ਰਿਫ਼ਤਾਰੀ ਸਬੰਧੀ ਪੁੱਛੇ ਜਾਣ ’ਤੇ SHO ਸੁਨੀਤਾ ਰਾਣੀ ਨੇ ਕਿਹਾ, “ਆਲ ਇਜ਼ ਵੈਲ… ਨਿਊ ਚੈਪਟਰ ਆਫ਼ ਲਾਈਫ਼ ਇਜ਼ ਸਟਾਰਟਿਡ।” ਵਿਜੀਲੈਂਸ ਅਧਿਕਾਰੀ ਜੱਗਨ ਦੀਪ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- 0
- 0
- 0
- 0















