Home » ਪੰਜਾਬ » ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੁਣ ਲੋਕ ਲਹਿਰ ਬਣੀ, ਨਸ਼ਾ ਮੁਕਤੀ ਕੇਂਦਰਾਂ ਵਿਖੇ ਮਰੀਜ਼ਾਂ ਦੀ ਆਮਦ 250 ਗੁਣਾ ਵਧੀ-ਡਾ. ਬਲਬੀਰ ਸਿੰਘ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੁਣ ਲੋਕ ਲਹਿਰ ਬਣੀ, ਨਸ਼ਾ ਮੁਕਤੀ ਕੇਂਦਰਾਂ ਵਿਖੇ ਮਰੀਜ਼ਾਂ ਦੀ ਆਮਦ 250 ਗੁਣਾ ਵਧੀ-ਡਾ. ਬਲਬੀਰ ਸਿੰਘ

Facebook
X
WhatsApp
Email
–ਸਿਹਤ ਮੰਤਰੀ ਵੱਲੋਂ ਪਟਿਆਲਾ ਜ਼ਿਲ੍ਹੇ ’ਚ ਨਸ਼ਾ ਰੋਕੂ ਗਤੀਵਿਧੀਆਂ ਦਾ ਜਾਇਜ਼ਾ
–ਕਿਹਾ, ਸਪਲਾਈ ਚੇਨ ਤੋੜਨ ਲਈ ਗਲਾਵੇਂ ਤੋਂ ਫੜੇ ਜਾਣਗੇ ਨਸ਼ਾ ਤਸਕਰ, ਮੰਗ ਘਟਾਉਣ ਲਈ ਨਸ਼ਾ ਮੁਕਤੀ ਮੁਹਿੰਮ ਤੇਜ਼
ਟਾਈਮਜ਼ ਆਫ਼ ਪੰਜਾਬ ਬਿਊਰੋ
ਪਟਿਆਲਾ, 1 ਸਤੰਬਰ:–ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੁਣ ਲੋਕ ਲਹਿਰ ਬਣ ਚੁੱਕੀ ਹੈ ਅਤੇ ਲੋਕ ਖ਼ੁਦ ਸੂਚਨਾ ਦੇ ਕੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਲਤ ਦੇ ਸ਼ਿਕਾਰ ਲੋਕ ਹੁਣ ਨਸ਼ਾ ਮੁਕਤੀ ਲਈ ਖੁੱਲ੍ਹ ਕੇ ਅੱਗੇ ਆ ਰਹੇ ਹਨ ਅਤੇ ਤਾਜ਼ਾ ਅੰਕੜਿਆਂ ਮੁਤਾਬਕ ਨਸ਼ਾ ਮੁਕਤੀ ਕੇਂਦਰਾਂ, ਓਟ ਸੈਂਟਰਾਂ ਅਤੇ ਮੁੜ ਵਸੇਬਾ ਕੇਂਦਰਾਂ ਵਿਖੇ ਮਰੀਜ਼ਾਂ ਦੀ ਆਮਦ ਵਿੱਚ 250 ਗੁਣਾ ਇਜ਼ਾਫ਼ਾ ਹੋਇਆ ਹੈ।
ਸਿਹਤ ਮੰਤਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਉੱਚ ਪੱਧਰੀ ਬੈਠਕ ਦੌਰਾਨ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਚੱਲ ਰਹੀਆਂ ਨਸ਼ਾ ਰੋਕੂ ਗਤੀਵਿਧੀਆਂ ਦਾ ਜਾਇਜ਼ਾ ਲੈ ਰਹੇ ਸਨ।
ਬੈਠਕ ਮੌਕੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਕੁਲਵੰਤ ਸਿੰਘ ਬਾਜੀਗਰ, ਨਸ਼ਾ ਮੁਕਤੀ ਮੋਰਚੇ ਦੇ ਸੂਬਾ ਆਬਜ਼ਰਵਰ ਆਸਿਤ ਕੁਮਾਰ, ਜ਼ੋਨ ਇੰਚਾਰਜ ਅਨੂ ਬੱਬਰ, ਜ਼ਿਲ੍ਹਾ ਦਿਹਾਤੀ ਪ੍ਰਧਾਨ ਯਾਦਵਿੰਦਰ ਸਿੰਘ ਗੋਲਡੀ ਸੰਧੂ ਅਤੇ ਸ਼ਹਿਰੀ ਪ੍ਰਧਾਨ ਬਲਜਿੰਦਰ ਸਿੰਘ ਸਰਾਓ, ਮੀਤ ਪ੍ਰਧਾਨ ਪਵਨ ਕੁਮਾਰ ਅਤੇ ਰਣਜੀਤ ਸਿੰਘ ਸਮੇਤ ਜ਼ਿਲ੍ਹੇ ਦੇ ਸਾਰੇ 8 ਵਿਧਾਨ ਸਭਾ ਹਲਕਿਆਂ ਦੇ ਹਲਕਾ ਅਤੇ ਬਲਾਕ ਕੋਆਰਡੀਨੇਟਰਾਂ ਤੋਂ ਇਲਾਵਾ ਸਿਵਲ ਅਤੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ੇ ਬੇਸ਼ੱਕ ਇਕੱਲੇ ਪੰਜਾਬ ਹੀ ਨਹੀਂ, ਸਗੋਂ ਦੇਸ਼ ਅਤੇ ਪੂਰੀ ਦੁਨੀਆਂ ਦੀ ਇੱਕ ਗੰਭੀਰ ਸਮੱਸਿਆ ਹਨ, ਪਰੰਤੂ ਜਿਸ ਵਿਧੀਵਤ ਢੰਗ ਨਾਲ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਈ ਹੈ ਅਤੇ ਨਸ਼ਾ ਮੁਕਤੀ ਮੋਰਚੇ ਦੇ ਗਠਨ ਸਮੇਤ ਨਸ਼ਿਆਂ ਦੀ ਸਪਲਾਈ ਅਤੇ ਮੰਗ ਨੂੰ ਰੋਕਣ ਲਈ ਉਪਰਾਲੇ ਕੀਤੇ ਹਨ, ਉਨ੍ਹਾਂ ਦੇ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਨਸ਼ਾ ਤਸਕਰਾਂ ਦੀ ਪੈੜ ਨੱਪਦਿਆਂ ਜਿੱਥੋਂ ਨਸ਼ਿਆਂ ਦੀ ਸਪਲਾਈ ਆ ਰਹੀ ਹੈ, ਉੱਥੋਂ ਤੱਕ ਪਹੁੰਚ ਕਰਕੇ ਵੱਡੇ ਨਸ਼ਾ ਤਸਕਰਾਂ ਨੂੰ ਗਲਾਵੇਂ ਤੋਂ ਫੜਿਆ ਜਾਵੇ ਅਤੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਤੋੜਿਆ ਜਾਵੇ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਰੋਕਥਾਮ, ਨਿਗਰਾਨੀ, ਇਲਾਜ, ਪੁਨਰਵਾਸ ਅਤੇ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਵਾਰਡ ਅਤੇ ਪਿੰਡ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਦੇ ਯਤਨਾਂ ਸਦਕਾ ਲੋਕ ਹੁਣ ਖੁੱਲ੍ਹ ਕੇ ਨਸ਼ਿਆਂ ਵਿਰੁੱਧ ਸਰਕਾਰ ਦਾ ਸਾਥ ਦੇ ਰਹੇ ਹਨ ਅਤੇ ਨਸ਼ਾ ਤਸਕਰੀ ਸਬੰਧੀ ਸੂਚਨਾ ਵੀ.ਡੀ.ਸੀਜ਼ ਅਤੇ ਡਬਲਿਊ.ਡੀ.ਸੀਜ਼ ਦੇ ਨਾਲ-ਨਾਲ ਨਸ਼ਾ ਮੁਕਤੀ ਐਪ ਰਾਹੀਂ ਵੀ ਪੁਲਿਸ ਤੱਕ ਪਹੁੰਚਾ ਰਹੇ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਸ਼ਾ ਰਹਿਤ ਹੋ ਚੁੱਕੇ ਵਿਅਕਤੀਆਂ ਨੂੰ ‘ਸੂਰਮੇ’ ਦਾ ਨਾਮ ਦਿੱਤਾ ਹੈ ਅਤੇ ਅਜਿਹੇ ਸੂਰਮੇ ਬ੍ਰਾਂਡ ਅੰਬੈਸਡਰ ਬਣ ਕੇ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਅੱਗੇ ਵਧਾ ਰਹੇ ਹਨ।
ਸਿਹਤ ਮੰਤਰੀ ਨੇ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਉਨ੍ਹਾਂ ਸਮੇਤ ਵਿਧਾਇਕਾਂ ਅਤੇ ਵੀ.ਡੀ.ਸੀਜ਼ ਤੇ ਵਾਰਡ ਡਿਫੈਂਸ ਕਮੇਟੀਆਂ ਦੀਆਂ ਲੋਕ ਮਿਲਣੀਆਂ ਦੌਰਾਨ ਮਿਲੇ ਫੀਡਬੈਕ ’ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਇਸੇ ਤਹਿਤ ਪਟਿਆਲਾ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ 1 ਮਾਰਚ 2025 ਤੋਂ 30 ਅਗਸਤ 2026 ਤੱਕ ਨਸ਼ਾ ਤਸਕਰੀ ਦੇ ਗ਼ੈਰ-ਵਪਾਰਕ ਮਾਮਲਿਆਂ ਵਿੱਚ 2254 ਮੁਕੱਦਮੇ ਦਰਜ ਕਰਕੇ 2701 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਨਸ਼ਿਆਂ ਦੀ ਵਪਾਰਕ ਤਸਕਰੀ ਦੇ 88 ਮਾਮਲਿਆਂ ਵਿੱਚ ਐਫ਼.ਆਈ.ਆਰਜ਼ ਦਰਜ ਕਰਕੇ 148 ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ।
ਇਸ ਤੋਂ ਇਲਾਵਾ 1254 ਵਿਅਕਤੀਆਂ ਨੂੰ ਨਸ਼ਾ ਮੁਕਤੀ ਲਈ ਡੀ-ਅਡਿਕਸ਼ਨ ਸੈਂਟਰਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ 3065 ਵਿਅਕਤੀਆਂ ਦਾ ਓਟ ਸੈਂਟਰਾਂ ਵਿਖੇ ਇਲਾਜ ਕਰਵਾਇਆ ਗਿਆ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਯੁੱਧ ਇੱਕ ਸਮਾਜਿਕ ਜ਼ਿੰਮੇਵਾਰੀ ਹੈ ਅਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਅਤੇ ਇਹੋ ਸੁਪਨਾ ਸਾਡਾ ਸਾਰਿਆਂ ਦਾ ਵੀ ਹੈ। ਇਸ ਲਈ ਨਸ਼ਿਆਂ ਦੀ ਮੰਗ ਘਟਾਉਣ ਅਤੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਨਸ਼ਾ ਮੁਕਤੀ ਮੋਰਚਾ ਲੋਕਾਂ ਦੇ ਸਹਿਯੋਗ ਨਾਲ ਦਿਨ-ਰਾਤ ਕੰਮ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਨਸ਼ੇ ਛੱਡਣ ਦੇ ਚਾਹਵਾਨ ਲੋਕਾਂ ਲਈ ਕਮਿਊਨਿਟੀ ਬ੍ਰਿਜ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਅਜਿਹੇ ਵਿਅਕਤੀ ਹਸਪਤਾਲਾਂ ਵਿੱਚ ਪਹੁੰਚ ਕੇ ਲੋੜੀਂਦਾ ਇਲਾਜ ਅਤੇ ਦਵਾਈ ਪ੍ਰਾਪਤ ਕਰ ਸਕਦੇ ਹਨ।
ਏ.ਡੀ.ਸੀ. (ਜ) ਅਨੁਪ੍ਰਿਤਾ ਜੌਹਲ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸਿਹਤ ਮੰਤਰੀ ਅਤੇ ਨਸ਼ਾ ਮੁਕਤੀ ਮੋਰਚੇ ਦੇ ਆਗੂਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਐਸ.ਪੀ. (ਐਚ) ਵੈਭਵ ਚੌਧਰੀ ਨੇ ਐਸ.ਐਸ.ਪੀ. ਵਰੁਣ ਸ਼ਰਮਾ ਵੱਲੋਂ ਭਰੋਸਾ ਦਿੱਤਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।
ਬੈਠਕ ਦੌਰਾਨ ਐਸ.ਪੀ. (ਸਿਟੀ) ਮੋਹਿਤ ਅਗਰਵਾਲ, ਐਸ.ਪੀ. (ਡੀ) ਦੇਵਿੰਦਰ ਅੱਤਰੀ, ਸਮੂਹ ਐਸ.ਡੀ.ਐਮਜ਼, ਡੀ.ਐਸ.ਪੀਜ਼, ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਮੈਡੀਕਲ ਸੁਪਰਡੈਂਟ, ਰਜਿੰਦਰਾ ਹਸਪਤਾਲ ਡਾ. ਵਿਸ਼ਾਲ ਚੋਪੜਾ, ਮਨੋਰੋਗ ਵਿਭਾਗ ਦੇ ਮੁਖੀ ਡਾ. ਰਜਨੀਸ਼ ਰਾਜ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮਹਿੰਦਰਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories