Trending
Home » ਪੰਜਾਬ » ਚਾਪਲੂਸੀ ! ਵੱਲ ਵਧ ਰਹੀ ਸਮਾਜ ਦੀ ਪ੍ਰਵਿਰਤੀ

ਚਾਪਲੂਸੀ ! ਵੱਲ ਵਧ ਰਹੀ ਸਮਾਜ ਦੀ ਪ੍ਰਵਿਰਤੀ

Facebook
X
WhatsApp
Email

ਅੱਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ । ਵਿਗਿਆਨ ਨੇ ਜਿੱਥੇ ਤਰੱਕੀ ਕਰ ਕੇ ਜੀਵਨ ਨੂੰ ਸੁਖਾਲਾ ਬਣਾ ਦਿੱਤਾ ਹੈ ਉੱਥੇ ਹੀ ਸਮਾਜ ਵਿੱਚੋਂ ਅਣਖ ਅਤੇ ਗੈਰਤ ਨੂੰ ਖ਼ਤਮ ਕਰ ਦਿੱਤਾ ਹੈ ।ਵਿਗਿਆਨ ਦੀ ਸਹਾਇਤਾ ਕਾਰਨ ਕੰਮਕਾਜ ਵਿੱਚ ਅਸਾਨੀ ਆਈ ਹੈ ਪਰ ਨਾਲ ਹੀ ਇਸ ਅਸਾਨੀ ਦੀ ਇੱਕ ਭੈੜੀ ਆਦਤ ਵੀ ਲਾ ਦਿੱਤੀ ਹੈ । ਅੱਜ ਦਾ ਸਮਾਜ ਹਰ ਕੰਮ ਦੀ ਪੂਰਤੀ ਬਿਨਾਂ ਮਿਹਨਤ ਦੇ ਕਰਨਾ ਚਾਹੁੰਦਾ ਹੈ । ਸਮੇਂ ਦੀ ਬਦਲਦੀ ਚਾਲ਼ ਦੇ ਨਾਲ ਹੀ ਸਮਾਜ ਦਾ ਹਰ ਵਿਅਕਤੀ ਤਰੱਕੀ ਕਰਨੀ ਚਾਹੁੰਦਾ ਹੈ। ਪਰ ਅੱਜ ਦਾ ਸਮਾਜ ਤਰੱਕੀ ਕਰਨ ਲਈ ਮਿਹਨਤ,ਲਗਨ ਦਾ ਨਹੀਂ ਬਲਕਿ ਚਾਪਲੂਸੀ ਦਾ ਪੱਲਾ ਫੜਦਾ ਹੋਇਆ ਜ਼ਿਆਦਾ ਨਜ਼ਰ ਆ ਰਿਹਾ ਹੈ । ਅੱਗੇ ਲੰਘਣ ਜਾਂ ਆਪਣਾ ਨਾਮ ਬਣਾਉਣ ਦੇ ਲਾਲਸਾ ਨੇ ਸਮਾਜ ਦਾ ਚਾਪਲੂਸ ਤੇ ਦੋਗਲਾ ਰੂਪ ਪੇਸ਼ ਕਰ ਦਿੱਤਾ ਹੈ।

ਅਜੋਕਾ ਸਮਾਜ ਕੇਵਲ ਉਹਨਾਂ ਲੋਕਾਂ ਦੀ ਹੀ ਇੱਜ਼ਤ ਕਰਦਾ ਹੈ ਜੋ ਅਹੁਦੇਦਾਰ ਹਨ ਜਾਂ ਕਿਸੇ ਨਾ ਕਿਸੇ ਸਮਾਜਿਕ ਇਕਾਈ ਦੇ ਮੋਢੀ ਹਨ । ਆਮ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਉਹ ਲੋਕ ਜਿਨ੍ਹਾਂ ਦੇ ਹੱਕ ਵਿੱਚ ਸ਼ਕਤੀ ਅਤੇ ਪੈਸਾ ਹੈ। ਅਜਿਹੇ ਲੋਕਾਂ ਦੀ ਚਾਪਲੂਸੀ ਕਰਨਾ ਸਮਾਜ ਦੀ ਫ਼ਿਤਰਤ ਬਣ ਗਿਆ ਹੈ। ਅਮੀਰ ਜਾਂ ਅਹੁਦੇਦਾਰ ਲੋਕਾਂ ਦੀਆਂ ਗਲਤੀਆਂ ਵੀ ਸਮਾਜ ਬਾਖੂਬੀ ਨਜ਼ਰਅੰਦਾਜ਼ ਕਰ ਦਿੰਦਾ ਹੈ । ਇਸਦਾ ਮੁੱਖ ਕਾਰਨ ਇਹੀ ਹੈ ਕਿ ਅਜਿਹੇ ਲੋਕਾਂ ਤੱਕ ਹੀ ਸਭ ਨੂੰ ਕੋਈ ਨਾ ਕੋਈ ਲੋੜ ਹੋ ਸਕਦੀ ਹੈ। ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ। ਅਜਿਹੇ ਲੋਕ ਜੋ ਆਪਣੀ ਮਦਦ ਆਪ ਹੀ ਨਹੀਂ ਕਰ ਸਕਦੇ ਉਹਨਾਂ ਤੱਕ ਭਲਾ ਕਿਸੇ ਹੋਰ ਨੂੰ ਕੀ ਕੰਮ ਹੋ ਸਕਦਾ ਹੈ । ਅਜੋਕੇ ਸਮਾਜ ਦੇ ਲੋਕ ਅਮੀਰ ਲੋਕਾਂ ਦੇ ਤਲਵੇ ਚੱਟਦੇ ਪਾਏ ਜਾਂਦੇ ਹਨ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਉਨ੍ਹਾਂ ਲੋਕਾਂ ਦੀ ਦਿਲੋਂ ਇੱਜ਼ਤ ਕਰਦੇ ਹਨ ਪਰ ਅਸਲ ਵਿੱਚ ਇਹ ਇਜ਼ਤ ਆਪਣੀਆਂ ਲੋੜਾਂ ਦੀ ਕਰਦੇ ਹਨ। ਅਜਿਹੀ ਚਾਪਲੂਸੀ ਵੱਡੇ ਤੋਂ ਵੱਡੇ ਪੱਧਰ ਤੋਂ ਲੈ ਕੇ ਆਮ ਘਰੇਲੂ ਪੱਧਰ ਤੱਕ ਵੀ ਘਰ ਕਰ ਚੁੱਕੀ ਹੈ। ਚਾਪਲੂਸੀ ਦੇ ਨਸ਼ੇ ਵਿੱਚ ਮਸਤ ਹੋਇਆ ਸਮਾਜ ਆਪਣੀ ਖੁਦ ਦੀ ਕੀਮਤ ਭੁੱਲ ਚੁੱਕਾ ਹੈ। ਉਸ ਲਈ ਕੇਵਲ ਵੱਡੇ ਲੋਕਾਂ ਦੀ ਹਾਂ ਵਿੱਚ ਹਾਂ ਮਿਲਾਉਣਾ ਹੀ ਧਰਮ ਬਣ ਚੁੱਕਿਆ ਹੈ। ਫਿਰ ਚਾਹੇ ਅਜਿਹਾ ਕਰਨ ਲਈ ਉਸ ਨੂੰ ਆਪਣੇ ਹੱਕ ਅਤੇ ਚਰਿੱਤਰ ਵੀ ਦਾਵ ਤੇ ਕਿਉਂ ਨਾ ਲਾਉਣਾ ਪਵੇ।

ਜਸਲੀਨ ਕੌਰ ਬਰਾੜ ✍️

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories