ਟਾਈਮਜ਼ ਆਫ਼ ਪੰਜਾਬ ਬਿਊਰੋ/ਜਗਵੀਰ ਆਜ਼ਾਦ
ਮੋਗਾ/ਨਿਹਾਲ ਸਿੰਘ ਵਾਲਾ,9 ਜੁਲਾਈ– ਬੇਰੁਜ਼ਗਾਰ ਲਾਇਬ੍ਰੇਰੀਅਨ ਫਰੰਟ ਪੰਜਾਬ ਦੀਆ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆ ਮੰਗਾਂ ਸਬੰਧੀ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਸਰਦਾਰ ਮਨਜੀਤ ਸਿੰਘ ਬਿਲਾਸਪੁਰ ਨੂੰ ਜਾਣੂ ਕਰਵਾਇਆ ਅਤੇ ਮੰਗ ਪੱਤਰ ਸੌਂਪਿਆ ਗਿਆ।ਫਰੰਟ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਲਾਇਬ੍ਰੇਰੀਆਂ ਨਾਲ ਸੰਬੰਧਿਤ ਕੋਈ ਵੀ ਨਵੀਂ ਭਰਤੀ ਨਹੀਂ ਕੀਤੀ ਗਈ, ਜਦਕਿ ਪੰਜਾਬ ਵਿੱਚ ਲਗਭਗ 25 ਹਜ਼ਾਰ ਯੋਗ ਲਾਇਬ੍ਰੇਰੀਅਨ ਬੇਰੁਜ਼ਗਾਰ ਹਨ। ਉਨ੍ਹਾਂ ਕਿਹਾ ਕਿ ਕਈ ਨੌਜਵਾਨ ਉਮਰ ਹੱਦ ਪਾਰ ਕਰਨ ਦੇ ਨੇੜੇ ਹਨ, ਇਸ ਲਈ ਸਰਕਾਰ ਨੂੰ ਜਲਦ ਭਰਤੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ।ਫਰੰਟ ਨੇ ਮੰਗ ਕੀਤੀ ਕਿ ਘੱਟੋ-ਘੱਟ 3000 ਨਵੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ, ਸਰਕਾਰੀ ਸਕੂਲਾਂ, ਜ਼ਿਲ੍ਹਾ ਪਬਲਿਕ ਲਾਇਬ੍ਰੇਰੀਆਂ ਵਿੱਚ ਖਾਲੀ ਅਸਾਮੀਆਂ ਭਰੀਆਂ ਜਾਣ, ਪੰਜਾਬ ਲਾਇਬ੍ਰੇਰੀ ਐਕਟ ਲਾਗੂ ਕੀਤਾ ਜਾਵੇ ਅਤੇ ਭਰਤੀਆਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇ।
ਵਿਧਾਇਕ ਸ. ਮਨਜੀਤ ਸਿੰਘ ਬਿਲਾਸਪੁਰ ਨੇ ਫਰੰਟ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਤੱਕ ਪਹੁੰਚਾਉਣਗੇ ਅਤੇ ਲਾਇਬ੍ਰੇਰੀ ਸਟਾਫ਼ ਦੀਆਂ ਭਰਤੀਆਂ ਸਬੰਧੀ ਯੋਗ ਕਾਰਵਾਈ ਲਈ ਯਤਨ ਕਰਨਗੇ। ਫਰੰਟ ਦੇ ਮੈਂਬਰਾਂ ਨੇ ਉਮੀਦ ਜਤਾਈ ਕਿ ਸਰਕਾਰ ਜਲਦ ਉਨ੍ਹਾਂ ਦੀਆਂ ਮੰਗਾਂ ‘ਤੇ ਸਕਾਰਾਤਮਕ ਫ਼ੈਸਲਾ ਲਵੇਗੀ, ਜਿਸ ਨਾਲ ਪੰਜਾਬ ਦੀਆਂ ਲਾਇਬ੍ਰੇਰੀਆਂ ਅਤੇ ਬੇਰੁਜ਼ਗਾਰ ਲਾਇਬ੍ਰੇਰੀਅਨਾਂ ਨੂੰ ਵੱਡਾ ਲਾਭ ਮਿਲੇਗਾ।ਇਸ ਸਮੇਂ ਮੈਡਮ ਕਿਰਨਦੀਪ ਕੌਰ ਦੀਨਾ ਸਾਹਿਬ(ਮੋਗਾ), ਸਰਬਜੀਤ ਕੌਰ ਦੀਨਾ ਸਾਹਿਬ ਤੇ ਖੁਸ਼ਪਿੰਦਰ ਸਿੰਘ ਮਧੇ ਕੇ ਆਦਿ ਹਾਜ਼ਰ ਸਨ।
- 0
- 0
- 0
- 0














