ਟਾਈਮਜ਼ ਆਫ਼ ਪੰਜਾਬ ਬਿਊਰੋ
ਗੁਰਦਾਸਪੁਰ, 13 ਸਤੰਬਰ:– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਰਾਜ ਬਣਾਉਣ ਲਈ ਚਲਾਏ ਜਾ ਰਹੇ ਅਭਿਆਨ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਸਰਹੱਦ ਪਾਰ ਤੋਂ ਚੱਲ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਛੇ ਪਿਸਤੌਲ ਬਰਾਮਦ ਕੀਤੇ ਹਨ ਜਿਨ੍ਹਾਂ ਵਿੱਚ ਇੱਕ 9 ਐੱਮਐੱਮ ਬਰੈਟਾ, ਇੱਕ 9 ਐੱਮਐੱਮ ਗਲਾਕ ਅਤੇ ਚਾਰ ਚਾਈਨਾ ਮੇਡ ਪਿਸਤੌਲ ਸ਼ਾਮਲ ਹਨ।
ਐੱਸਐੱਸਪੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਹਥਿਆਰਾਂ ਦੀ ਖੇਪ ਸਰਹੱਦ ਪਾਰ ਤੋਂ ਡਰੋਨ ਦੇ ਜ਼ਰੀਏ ਭੇਜੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਨੈੱਟਵਰਕ ਦੀਆਂ ਅੱਗੇ-ਪਿੱਛੇ ਦੀਆਂ ਕੜੀਆਂ ਦਾ ਪਤਾ ਲਗਾਉਣ ਅਤੇ ਸਰਹੱਦ ਪਾਰ ਤੋਂ ਚੱਲ ਰਹੇ ਹਥਿਆਰ ਤਸਕਰੀ ਮਾਡਿਊਲ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਪਛਾਣ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ।
ਐੱਸਐੱਸਪੀ ਨੇ ਦੱਸਿਆ ਕਿ ਭਰੋਸੇਮੰਦ ਸੂਚਨਾ ਦੇ ਆਧਾਰ ‘ਤੇ ਸਪੈਸ਼ਲ ਬ੍ਰਾਂਚ ਗੁਰਦਾਸਪੁਰ, ਥਾਣਾ ਦੋਰਾਂਗਲਾ ਅਤੇ ਥਾਣਾ ਬਹਿਰਾਮਪੁਰ ਦੀ ਪੁਲਿਸ ਟੀਮ ਨੇ ਪਿੰਡ ਨੂਰਪੁਰ ਥੇਹ ਦੇ ਚੌਕ ‘ਤੇ ਖੜ੍ਹੀ ਇੱਕ ਮਹਿੰਦਰਾ ਸਕਾਰਪੀਓ ਗੱਡੀ ਦੇਖੀ ਜਿਸ ਵਿੱਚ ਦੋ ਵਿਅਕਤੀ ਗੱਡੀ ਦੇ ਬਾਹਰ ਖੜ੍ਹੇ ਸਨ ਅਤੇ ਤਿੰਨ ਵਿਅਕਤੀ ਗੱਡੀ ਦੇ ਅੰਦਰ ਬੈਠੇ ਹੋਏ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੂੰ ਦੇਖਦਿਆਂ ਹੀ ਡਰਾਈਵਰ ਨੇ ਤੇਜ਼ੀ ਨਾਲ ਗੱਡੀ ਭਜਾ ਲਈ, ਪਰ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ
ਮੌਕੇ ‘ਤੇ ਹੀ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਸਕਾਰਪੀਓ ਕਾਰ ਦਾ ਪਿੱਛਾ ਕੀਤਾ। ਇਸ ਦੌਰਾਨ ਥਾਣਾ ਕਲਾਨੌਰ ਦੇ ਇਲਾਕੇ ਵਿੱਚ ਮੁਲਜ਼ਮਾਂ ਦੀ ਗੱਡੀ ਖੇਤਾਂ ਵਿੱਚ ਪਲਟ ਗਈ। ਪੁਲਿਸ ਨੇ ਗੱਡੀ ਤੋਂ ਗੈਂਗਸਟਰ ਬਲਰਾਜ ਸਿੰਘ ਉਰਫ਼ ਭੂਰੀ ਬਸੰਤਕੋਟੀਆ ਅਤੇ ਉਸਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਮੈਗਜ਼ੀਨਾਂ ਸਮੇਤ ਕੁੱਲ ਛੇ ਪਿਸਤੌਲ ਅਤੇ 49 ਕਾਰਤੂਸ ਬਰਾਮਦ ਕੀਤੇ ਗਏ ਹਨ।
- 0
- 0
- 0
- 0














