— ਪਰਵਿੰਦਰ ਝੋਟਾ ਸਮੁੱਚੇ ਪੰਜਾਬੀਆਂ ਲਈ ਹੋਇਆ ਸ਼ਹੀਦ : ਸਤਵਿੰਦਰ ਟੌਹੜਾ
ਟਾਈਮਜ਼ ਆਫ਼ ਪੰਜਾਬ ਬਿਊਰੋ
ਪਟਿਆਲਾ, 19 ਅਕਤੂਬਰ– ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਵਿਰੁਧ ਪਰਵਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਦੇ ਸੱਦੇ ‘ਤੇ ਪਟਿਆਲਾ ਦਿਹਾਤੀ ਦੇ ਲੋਕਾਂ ਅਤੇ ਵੱਖ-ਵੱਖ ਜਥੇਬੰਦੀਆਂ ਨੇ “ਵਾਰਿਸ ਪੰਜਾਬ ਦੇ” ਸੀਨੀਅਰ ਨੇਤਾ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠ ਅੱਜ ਪਟਿਆਲਾ ਵਿਖੇ ਵਿਸ਼ਾਲ ਰੋਸ ਮਾਰਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਲੈ ਕੇ ਸਿਹਤ ਮੰਤਰੀ ਡਾ. ਬਲਬੀਰ ਦੀ ਕੋਠੀ ਤਕ ਕੱਢਿਆ ਗਿਆ। ਸਤਵਿੰਦਰ ਸਿੰਘ ਟੌਹੜਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ “ਲਾਹਨਤੀ ਪੱਤਰ” ਸਿਹਤ ਮੰਤਰੀ ਦੇ ਪੀ.ਏ. ਕਰਨਲ ਜੇ.ਬੀ. ਨੂੰ ਸੌਂਪਿਆ ਗਿਆ। ਇਸ ਮੌਕੇ ਸਤਵਿੰਦਰ ਸਿੰਘ ਟੌਹੜਾ ਨੇ ਆਖਿਆ ਕਿ ਪਰਵਿੰਦਰ ਸਿੰਘ ਝੋਟਾ ਦਾ ਕਤਲ ਬਹੁਤ ਹੀ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨੇ ਆਪਣੀ ਜਾਨ ਇਕ ਫਿਰਕੇ ਵਿਸ਼ੇਸ਼ ਲਈ ਨਹੀਂ ਸਗੋਂ ਸਮੁੱਚੀ ਮਾਨਵਤਾ ਅਤੇ ਸਮੁੱਚੇ ਪੰਜਾਬੀਆਂ ਲਈ ਕੁਰਬਾਨ ਕੀਤੀ ਹੈ। ਉਨਾ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਸਾਬਕਾ ਫੌਜੀ ਹਨ, ਜਿਨ੍ਹਾਂ ਦੇਸ਼ ਦੀ ਰਖਿਆ ਲਈ ਆਪਣੀਆਂ ਚੰਗੀਆਂ ਸੇਵਾਵਾਂ ਵੀ ਦਿੱਤੀਆਂ ਹਨ ਅਤੇ ਹੁਣ ਉਨ੍ਹਾਂ ਆਪਣੇ ਜਿਗਰ ਦਾ ਟੁੱਕੜਾ ਨੌਜਵਾਨ ਪੁੱਤਰ ਸਮਾਜ ਲਈ ਕੁਰਬਾਨ ਕਰ ਦਿੱਤਾ ਹੈ,ਇਸ ਲਈ ਪਰਿਵਾਰ ਨੂੰ ਜਦੋਂ ਤਕ ਇਨਸਾਫ ਨਹੀ ਮਿਲਦਾ ਇਹ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦੋਸ਼ ਲਾਇਆ ਕਿ ਜਿਹੜੇ ਲੋਕ ਨਸ਼ਿਆਂ ਦੇ ਵਿਰੁੱਧ ਬੋਲਦੇ ਹਨ, ਉਨ੍ਹਾਂ ਦੀ ਰਾਖੀ ਕਰਨ ਦੀ ਥਾਂ ਉਨ੍ਹਾਂ ਨੂੰ ਹੀ ਕੁਚਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵਿਧਾਇਕ ਇੱਕ ਨਸ਼ਾ-ਵਿਰੋਧੀ ਯੋਧੇ ਦੇ ਕਤਲ ਮਗਰੋਂ ਵੀ ਆਪਣੀ ਸਰਕਾਰ ਤੋਂ ਜਵਾਬਦੇਹੀ ਨਹੀਂ ਮੰਗਦਾ, ਉਹ ਲੋਕਾਂ ਦਾ ਪ੍ਰਤੀਨਿਧ ਨਹੀਂ ਹੋ ਸਕਦਾ।
ਇਸ ਮੌਕੇ ਉਨ੍ਹਾਂ ਨਾਲ ਨਰਿੰਦਰ ਸਿੰਘ ਭਿੰਡਰ ਜ਼ਿਲ੍ਹਾ ਪ੍ਰਧਾਨ ਯੂਥ ਵਾਰਿਸ ਪੰਜਾਬ ਦੇ, ਮਨਜੀਤ ਸਿੰਘ ਚਾਹਲ ਮਿਸਲ ਸਤਲੁਜ, ਪ੍ਰੋ. ਮਹਿੰਦਰ ਪਾਲ ਸਿੰਘ, ਹਰਭਜਨ ਸਿੰਘ ਕਸ਼ਮੀਰੀ, ਲਖਵੀਰ ਸਿੰਘ ਲੌਟ, ਜਥੇਦਾਰ ਜੋਗਿੰਦਰ ਸਿੰਘ ਲੌਟ, ਅਮਰੀਕ ਸਿੰਘ ਅਜਨੌਦਾ, ਜਗਤਾਰ ਸਿੰਘ ਮਾਜਰੀ ਅਕਾਲੀਆਂ, ਭੀਮ ਸਿੰਘ ਲੰਗ ਕਿਸਾਨ ਆਗੂ, ਸੁਖਵਿੰਦਰ ਸਿੰਘ ਲੰਗ, ਪਰਗਟ ਸਿੰਘ ਚਲੈਲਾ, ਅਜਾਇਬ ਸਿੰਘ ਨੰਦਪੁਰ ਕੇਸ਼ੋ, ਪਰਮਿੰਦਰ ਸਿੰਘ ਨੰਦਪੁਰ, ਲਖਵੀਰ ਸਿੰਘ ਚਲੈਲਾ, ਪਰਮਜੀਤ ਸਿੰਘ ਸਿੰਬੜੋ, ਐਡਵੋਕੇਟ ਲਖਵਿੰਦਰ ਸਿੰਘ ਇਛੇਵਾਲ, ਚੈਨੀ ਰੋਹਟਾ, ਸੋਨੀ ਹਿਆਣਾ, ਸਹਿਜਪ੍ਰੀਤ ਦੰਦਰਾਲਾ ਖਰੌੜ, ਗੁਰਸਿਮਰਨ ਬੈਦਵਾਨ ਅਰਬਨ ਅਸਟੇਟ, ਜਸਵੰਤ ਸਿੰਘ ਅਕੋਤ, ਸੁਖਬੀਰ ਸਿੰਘ ਬੁਲਾਰਾ ਵਾਰਿਸ ਪੰਜਾਬ, ਐਡਵੋਕੇਟ ਸੁਖਵਿੰਦਰ ਸਿੰਘ ਬੋਬੀ, ਜਥੇਦਾਰ ਦਰਸ਼ਨ ਸਿੰਘ ਰਣੀਆ, ਬਲਜਿੰਦਰ ਸਿੰਘ ਸ਼ਿੰਟੂ, ਜੱਸੀ ਨਿਹੰਗ, ਅਮਰੀਕ ਸਿੰਘ ਪੇਧਨ, ਗੁਰਮੁੱਖ ਸਿੰਘ ਕਨਸੂਹਾ, ਮੱਖਣ ਸਿੰਘ ਕਨਸੂਹਾ, ਗੁਰਵਿੰਦਰ ਸਿੰਘ ਹਿਆਣਾ, ਇੰਦਰਜੀਤ ਸਿੰਘ ਮੰਡੌਰ, ਬਹਾਦਰ ਸਿੰਘ ਮੰਡੋੜ, ਜੱਗੀ ਰੋਹਟੀ ਬਸਤਾ, ਪਰਮਜੀਤ ਸਿੰਘ ਮਹਿਮਦਪੁਰ, ਪ੍ਰੋ. ਹਰਭਜਨ ਸਿੰਘ, ਸ਼ੇਰ ਸਿੰਘ ਘੁੰਡਰ, ਸਰਬਜੀਤ ਸਿੰਘ ਕਿਸਾਨ ਆਗੂ ਤੇ ਵੱਡੀ ਗਿਣਤੀ ਵਿਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।
⇒ ਐਕਸ਼ਨ ਕਮੇਟੀ ਦੀਆਂ ਮੁੱਖ ਮੰਗਾਂ :- ਮੁੱਖ ਮੰਤਰੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫ਼ਾ ਦੇਣ, ਡੀਜੀਪੀ ਪੰਜਾਬ ਅਸਤੀਫ਼ਾ ਦੇਣ, ਪਰਿਵਾਰ ਦੀ ਸਹਿਮਤੀ ਤੋਂ ਬਾਅਦ ਪਰਮਿੰਦਰ ਝੋਟੇ ਦਾ ਪੋਸਟਮਾਰਟਮ ਪੀਜੀਆਈ ਚੰਡੀਗੜ੍ਹ ਦੇ ਸੀਨੀਅਰ ਡਾਕਟਰਾਂ ਦੇ ਪੈਨਲ ਤੋਂ ਕਰਵਾਇਆ ਜਾਵੇ, ਕਤਲ ਅਤੇ ਇਸ ਪਿੱਛੇ ਕੰਮ ਕਰਦੇ ਨਸ਼ਾ-ਪੁਲਿਸ-ਸਿਆਸੀ ਗੱਠਜੋੜ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ, ਜਿਸ ਦੁਕਾਨ ਵਿੱਚ ਪਰਵਿੰਦਰ ਸਿੰਘ ਝੋਟੇ ਦੇ ਗੋਲੀਆਂ ਮਾਰੀਆਂ ਗਈਆਂ ਸਨ, ਉਥੇ ਉਨਾਂ ਦਾ ਬੁੱਤ ਲਾਇਆ ਜਾਵੇ, ਮਾਨਸਾ ਦੇ ਦੋਨੋਂ ਐਸਐਚਓ, ਡੀਐਸਪੀ ਅਤੇ ਡਰੱਗ ਇੰਸਪੈਕਟਰ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ (ਡਿਸਮਸ) ਕੀਤਾ ਜਾਵੇ, ਪਰਵਿੰਦਰ ਸਿੰਘ ਝੋਟੇ ਦੇ ਨਾਂ ਤੇ ਖਿਆਲਾ ਕਲਾਂ ਵਿਖੇ ਟਰੋਮਾ ਸੈਂਟਰ ਬਣਾਇਆ ਜਾਵੇ, ਕਾਤਲਾਂ ਨੂੰ ਸਖ਼ਤ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ।
- 0
- 0
- 0
- 0















