ਜਸਵੰਤ ਰਾਏ
ਜਗਰਾਓਂ,8 ਮਈ– ਬੀਤੀ 6 ਮਈ ਤੋਂ ਪੰਜਾਬ ਭਰ ਦੇ ਸਫਾਈ ਕਾਮਿਆਂ ਵਲੋਂ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਦੇ ਹੱਕ ‘ਚ ਅਣਮਿੱਥੇ ਸਮੇਂ ਦੀ ਹੜਤਾਲ ਦਾ ਸ਼ਹਿਰ ਦੇ ਵੱਖ ਵੱਖ ਵਰਗ ਪੁਰਜ਼ੋਰ ਸਮਰਥਨ ਕਰ ਰਹੇ ਹਨ। ਅੱਜ ਨਗਰ ਸੁਧਾਰ ਸਭਾ ਦਾ ਵਫ਼ਦ ਸਮਾਜ ਦੇ ਸਭ ਤੋਂ ਵਧ ਪੀੜਤ ਵਰਗ ਸਫਾਈ ਕਾਮਿਆਂ ਦੇ ਹੱਕ ‘ਚ ਐਸ ਡੀ ਐਮ ਦਫਤਰ ਪੁੱਜਾ। ਸਭਾ ਦੇ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ‘ਚ ਐਸ ਡੀ ਐਮ ਜਗਰਾਓਂ ਦੇ ਛੁੱਟੀ ਤੇ ਹੋਣ ਕਾਰਨ ਤਹਿਸੀਲਦਾਰ ਰੇਸ਼ਮ ਸਿੰਘ ਨੂੰ ਮਿਲਿਆ। ਵਫ਼ਦ ਨੇ ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ ਰਾਹੀ ਮੰਗ ਕੀਤੀ ਕਿ ਹੜਤਾਲੀ ਸਫਾਈ ਕਾਮਿਆਂ ਦੀ ਠੇਕੇਦਾਰੀ ਸਿਸਟਮ ਬੰਦ ਕਰਨ, ਕੱਚੇ ਮੁਲਾਜਮ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਬਕਾਇਆ ਡੀ ਏ ਇਕਮੁਸ਼ਤ ਜਾਰੀ ਕਰਨ ਆਦਿ ਮੰਗਾਂ ਤੁਰਤ ਮੰਨੀਆਂ ਜਾਣ।
ਸ਼ਹਿਰਾਂ ਕਸਬਿਆਂ ‘ਚ ਸਫਾਈ ਕੰਮ ਸ਼ੁਰੂ ਹੋ ਜਾਣ। ਵਫ਼ਦ ਨੇ ਜਗਰਾਓਂ ਸ਼ਹਿਰ ‘ਚ ਕੂੜੇ ਦੇ ਪ੍ਰਬੰਧਨ ‘ਚ ਨਗਰ ਕੌਂਸਲ ਦੀ ਨਾਕਾਮੀ ਲਈ ਹਲਕਾ ਵਿਧਾਇਕਾ ਵਲੋਂ ਖੜੀ ਕੀਤੀ ਧੜੇਬੰਦੀ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਸਰਕਾਰ ਤੋਂ ਮਸਲੇ ਦੇ ਤੁਰਤ ਹੱਲ ਦੀ ਮੰਗ ਕੀਤੀ। ਵਫ਼ਦ ਨੇ ਪੰਜਾਬ ਸਰਕਾਰ ਵਲੋਂ ਜਨਗਨਣਾ ਪ੍ਰਫਾਰਮੇ ‘ਚ ਦਰਜ ਜਾਤੀ ਸੂਚਕ ਸ਼ਬਦਾਂ ਨੂੰ ਤੁਰਤ ਹਟਾਉਣ ਦੀ ਜ਼ੋਰਦਾਰ ਮੰਗ ਕਰਦਿਆਂ ਇਸ ਗੈਰਸੰਵਿਧਾਨਕ ਨਾਲਾਇਕੀ ਦੇ ਜਿੰਮੇਵਾਰ ਅਧਿਕਾਰੀਆਂ ਤੇ ਕਨੂੰਨ ਮੁਤਾਬਕ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਜਿੱਲਤ ਨੇ ਸਾਬਤ ਕਰ ਦਿੱਤਾ ਹੈ ਕਿ ਅਫ਼ਸਰਸ਼ਾਹੀ ‘ਚ ਜਾਤੀ ਨਫ਼ਰਤ ਤੇ ਦਾਬਾ ਕੁੱਟ ਕੁੱਟ ਕੇ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨਾਂ ਮੰਗਾਂ ਦੀ ਪੂਰਤੀ ਨਾ ਹੋਣ ਦੀ ਹਾਲਤ ‘ਚ ਪੰਜਾਬ ਸਰਕਾਰ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਵਫ਼ਦ ‘ਚ ਕੰਵਲਜੀਤ ਖੰਨਾ, ਗੁਰਮੇਲ ਸਿੰਘ ਰੂਮੀ, ਅਵਤਾਰ ਸਿੰਘ ਗਗੜਾ, ਸਵਰਨ ਸਿੰਘ ਹਠੂਰ, ਅਸ਼ੋਕ ਭੰਡਾਰੀ, ਜਸਵੰਤ ਸਿੰਘ ਕਲੇਰ, ਹਰਬੰਸ ਲਾਲ, ਇੰਦਰਜੀਤ ਸਿੰਘ ਧਾਲੀਵਾਲ, ਬਲਵਿੰਦਰ ਸਿੰਘ, ਮੇਜਰ ਸਿੰਘ ਛੀਨਾ ਆਦਿ ਹਾਜ਼ਰ ਸਨ।
- 0
- 0
- 0
- 0














