ਸ਼ਮਸ਼ੇਰ ਸਿੰਘ
ਰਾਏਕੋਟ, 3 ਨਵੰਬਰ– ਸਥਾਨਕ ਮੰਦਰ ਸ਼ਿਵਾਲਾ ਖਾਮ ਵਿਖੇ ਅੱਜ ਪ੍ਰੈੱਸ ਕਲੱਬ ਰਾਏਕੋਟ ਦੀ ਇੱਕ ਅਹਿਮ ਮੀਟਿੰਗ ਮੌਜੂਦਾ ਪ੍ਰਧਾਨ ਸੰਜੀਵ ਕੁਮਾਰ ਭੱਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਪ੍ਰੈੱਸ ਕਲੱਬ ਦੇ ਸਾਰੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਕਲੱਬ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਉਪਰੰਤ ਕਲੱਬ ਦੀ ਨਵੀਂ ਕਾਰਜਕਾਰਨੀ ਟੀਮ ਦੀ ਚੋਣ ਦਾ ਅਮਲ ਸ਼ੁਰੂ ਕੀਤਾ ਗਿਆ।
ਮੀਟਿੰਗ ਦੌਰਾਨ ਹਾਜ਼ਰ ਸਮੂਹ ਮੈਂਬਰਾਂ ਨੇ ਆਪਸੀ ਸਹਿਮਤੀ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਸੀਨੀਅਰ ਪੱਤਰਕਾਰ ਇਕਬਾਲ ਸਿੰਘ ਗੁਲਾਬ ਫ਼ੇਰੂਰਾਈ ਨੂੰ ਸਰਬਸੰਮਤੀ ਨਾਲ ਪ੍ਰੈੱਸ ਕਲੱਬ ਰਾਏਕੋਟ ਦਾ ਨਵਾਂ ਪ੍ਰਧਾਨ ਚੁਣ ਲਿਆ। ਇਸ ਦੇ ਨਾਲ ਹੀ ਕਲੱਬ ਨੂੰ ਹੋਰ ਮਜ਼ਬੂਤ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਨਾਮਪ੍ਰੀਤ ਸਿੰਘ ਗੋਗੀ ਨੂੰ ਜਨਰਲ ਸਕੱਤਰ ਅਤੇ ਅਮਿਤ ਪਾਸੀ ਨੂੰ ਖ਼ਜ਼ਾਨਚੀ (ਕੈਸ਼ੀਅਰ) ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸ਼ੁਸੀਲ ਕੁਮਾਰ, ਮੀਤ ਪ੍ਰਧਾਨ ਸ਼ਮਸੇਰ ਸਿੰਘ, ਅਨੁਸ਼ਾਸਨੀ ਕਮੇਟੀ ‘ਚ ਆਰ.ਜੀ ਰਾਏਕੋਟੀ, ਜਸਵੰਤ ਸਿੰਘ ਸਿੱਧੂ, ਰਘਵੀਰ ਸਿੰਘ ਜੱਗਾ, ਗੁਰਭਿੰਦਰ ਸਿੰਘ ਗੁਰੀ, ਤੇਜਿੰਦਰ ਸਿੰਘ ਨੱਤ, ਸਲਾਹਕਾਰ ਕਮੇਟੀ’ ਚ ਮੁਹੰਮਦ ਇਮਰਾਨ ਖਾਨ, ਡਾਕਟਰ ਪਰਵੀਨ ਅਗਰਵਾਲ, ਠਾਕੁਰਜੀਤ ਸਿੰਘ ਤਾਜਪੁਰੀ ਨੂੰ ਚੁਣਿਆ ਗਿਆ ਹੈ ਜਦਕਿ ਸੰਜੀਵ ਭੱਲਾ ਨੂੰ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵ-ਨਿਯੁਕਤ ਪ੍ਰਧਾਨ ਇਕਬਾਲ ਸਿੰਘ ਗੁਲਾਬ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਪੱਤਰਕਾਰ ਭਾਈਚਾਰੇ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਮੋਹਰੀ ਹੋ ਕੇ ਸੇਵਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਕਲੱਬ ਦੀ ਏਕਤਾ ਨੂੰ ਬਰਕਰਾਰ ਰੱਖਣਾ ਅਤੇ ਸਮਾਜ ਦੇ ਅਹਿਮ ਮੁੱਦਿਆਂ ਨੂੰ ਨਿਰਪੱਖਤਾ ਨਾਲ ਸਾਹਮਣੇ ਲਿਆਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ।
ਇਸ ਮੌਕੇ ਸਾਬਕਾ ਪ੍ਰਧਾਨ ਸੰਜੀਵ ਕੁਮਾਰ ਭੱਲਾ ਨੇ ਨਵੀਂ ਚੁਣੀ ਗਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਵਿਸ਼ਵਾਸ ਪ੍ਰਗਟਾਇਆ। ਚੋਣ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਹਾਜ਼ਰ ਪੱਤਰਕਾਰਾਂ ਵੱਲੋਂ ਨਵ-ਨਿਯੁਕਤ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
- 0
- 0
- 0
- 0














