––ਕਕਰਾਲਾ ਵਿੱਚ ਬਜ਼ੁਰਗ ਦੀ ਕੁੱਟਮਾਰ, ਪੁਲਿਸ ਪ੍ਰਸ਼ਾਸਨ ਚੁੱਪ ਕਿਉਂ? : ਪਰਮਜੀਤ ਸਿੰਘ ਕੈਂਥ
ਟੀ. ਕੇ. ਸ਼ਰਮਾ
ਨਾਭਾ, 2 ਨਵੰਬਰ: — ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਇੱਕ ਵੀਡੀਓ ਵਿੱਚ ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਕਕਰਾਲਾ ਵਿਖੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਗਰੀਬ ਬਜ਼ੁਰਗ ਨਾਲ ਕਥਿਤ ਕੁੱਟਮਾਰ ਕਰਦੇ ਦਿਖਾਈ ਦੇਣ ਦੇ ਮਾਮਲੇ ’ਤੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ, ਪੰਜਾਬ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਮਾਮਲੇ ਦੀ ਤੁਰੰਤ ਨਿਰਪੱਖ ਜਾਂਚ ਅਤੇ ਦੋਸ਼ੀ ਪੁਲਿਸ ਮੁਲਾਜ਼ਮ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਕੈਂਥ ਨੇ ਕਿਹਾ ਕਿ ਜੇਕਰ ਵੀਡੀਓ ਵਿੱਚ ਦਿਖਾਈ ਦੇ ਰਹੀ ਘਟਨਾ ਸਹੀ ਹੈ ਤਾਂ ਇਹ ਪੁਲਿਸ ਦੀ ਕਾਰਜਸ਼ੈਲੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਮਾਮਲਾ ਜਨਤਕ ਹੋਣ ਦੇ ਬਾਵਜੂਦ ਹੁਣ ਤੱਕ ਕੋਈ ਠੋਸ ਕਾਰਵਾਈ ਸਾਹਮਣੇ ਨਾ ਆਉਣਾ ਪ੍ਰਸ਼ਾਸਨ ਦੀ ਜਵਾਬਦੇਹੀ ’ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ।ਉਨ੍ਹਾਂ ਮੰਗ ਕੀਤੀ ਕਿ ਵੀਡੀਓ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਸਬੰਧਤ ਪੁਲਿਸ ਮੁਲਾਜ਼ਮ ਨੂੰ ਜਾਂਚ ਪੂਰੀ ਹੋਣ ਤੱਕ ਡਿਊਟੀ ਤੋਂ ਹਟਾਇਆ ਜਾਵੇ ਅਤੇ ਦੋਸ਼ ਸਾਬਤ ਹੋਣ ’ਤੇ ਉਸ ਵਿਰੁੱਧ ਸਖ਼ਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ, “ਪੁਲਿਸ ਦੀ ਵਰਦੀ ਲੋਕਾਂ ਦੀ ਰੱਖਿਆ ਲਈ ਹੈ, ਗਰੀਬਾਂ ਨੂੰ ਡਰਾਉਣ ਅਤੇ ਕੁੱਟਣ ਲਈ ਨਹੀਂ। ਕਾਨੂੰਨ ਦੇ ਰਖਵਾਲਿਆਂ ਨੂੰ ਵੀ ਕਾਨੂੰਨ ਦੇ ਦਾਇਰੇ ਵਿੱਚ ਰਹਿਣਾ ਪਵੇਗਾ।” ਕੈਂਥ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਤੋਂ ਸਵਾਲ ਕੀਤਾ ਕਿ ਇੱਕ ਗਰੀਬ ਬਜ਼ੁਰਗ ਨੂੰ ਇਨਸਾਫ਼ ਦਿਵਾਉਣ ਲਈ ਹੋਰ ਕਿੰਨੀ ਦੇਰ ਉਡੀਕ ਕਰਨੀ ਪਵੇਗੀ?ਸਰਕਾਰ ਸਪੱਸ਼ਟ ਕਰੇ ਕਿ ਕੀ ਪੰਜਾਬ ਵਿੱਚ ਗਰੀਬ ਅਤੇ ਕਮਜ਼ੋਰ ਵਰਗਾਂ ਨੂੰ ਇਨਸਾਫ਼ ਮਿਲੇਗਾ ਜਾਂ ਵਰਦੀ ਦੀ ਤਾਕਤ ਅੱਗੇ ਉਨ੍ਹਾਂ ਦੀ ਆਵਾਜ਼ ਦਬਾਈ ਜਾਂਦੀ ਰਹੇਗੀ?
- 0
- 0
- 0
- 0














