ਟਾਈਮਜ਼ ਆਫ਼ ਪੰਜਾਬ ਬਿਊਰੋ
ਡੇਰਾ ਬਾਬਾ ਨਾਨਕ ,21 ਸਤੰਬਰ– ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਸਿੱਖਾਂ ਦੇ ਜਥੇ ਨੂੰ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਅਰਦਾਸ ਕਰਨ ਵਾਸਤੇ ਜ਼ੀਰੋ ਲਾਈਨ ਵੱਲ ਜਾਣ ਤੋਂ ਬੀਐਸਐਫ ਦੇ ਜਵਾਨਾਂ ਨੇ ਰੋਕ ਦਿੱਤਾ।
ਇਹ ਸਮਾਗਮ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ‘ਤੇ ਕੀਤਾ ਗਿਆ ਸੀ। ਜਥੇਦਾਰ ਗੜਗੱਜ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਜ਼ੀਰੋ ਲਾਈਨ ਤੱਕ ਇੱਕ ਨਗਰ ਕੀਰਤਨ ਕੱਢਿਆ ਗਿਆ। ਜ਼ੀਰੋ ਲਾਈਨ ਵੱਲ ਜਾਣ ਦੀ ਆਗਿਆ ਇਸ ਲਈ ਮੰਗੀ ਜਾਂ ਰਹੀ ਸੀ ਤਾਂ ਕਿ ਨਗਰ ਕੀਰਤਨ ਵਿੱਚ ਹਿੱਸਾ ਲੈ ਰਹੀ ਪਾਕਿਸਤਾਨੀ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦਾ ‘ਰੁਮਾਲਾ ਸਾਹਿਬ’ ਅਤੇ ‘ਪੰਜ ਪਿਆਰਿਆਂ’ ਲਈ ‘ਸਿਰਪਾਓ’ ਸੌਂਪੇ ਜਾ ਸਕਣ, ਪਰ ਆਗਿਆ ਨਹੀਂ ਦਿੱਤੀ ਗਈ।
ਜਦੋਂ ਸਿੱਖ ਜੱਥਾ ਜ਼ੀਰੋ ਲਾਈਨ ਦੇ ਨੇੜੇ ਪਹੁੰਚਿਆ ਤਾਂ ਬੀਐਸਐਫ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਜੇਕਰ ਉਹ ਅਰਦਾਸ ਕਰਨਾ ਚਾਹੁੰਦੇ ਹਨ ਤਾਂ ਉਹ ਨੇੜਲੇ ਗੁਰਦੁਆਰੇ ਵਿੱਚ ਕਰ ਸਕਦੇ ਹਨ।
ਇਸ ਤੋਂ ਬਾਅਦ ਸੰਗਤ ਬੀਐਸਐਫ ਬੈਰੀਕੇਡ ਦੇ ਸਾਹਮਣੇ ਜ਼ਮੀਨ ‘ਤੇ ਬੈਠ ਗਈ। ਫਿਰ ‘ਰਹਿਰਾਸ ਸਾਹਿਬ’ (ਸ਼ਾਮ ਦੀ ਅਰਦਾਸ) ਦਾ ਪਾਠ ਕੀਤਾ ਗਿਆ, ਜਿਸ ਤੋਂ ਬਾਅਦ ਲਾਂਘਾ ਮੁੜ ਖੋਲ੍ਹਣ ਅਤੇ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਲਈ ‘ਸ਼ਬਦ ਕੀਰਤਨ’ ਅਤੇ ‘ਅਰਦਾਸ’ ਕੀਤੀ ਗਈ।
- 0
- 0
- 0
- 0















