ਟਾਈਮਜ਼ ਆਫ਼ ਪੰਜਾਬ ਬਿਊਰੋ
ਮਾਨਸਾ ,2 ਨਵੰਬਰ – ਪਰਵਿੰਦਰ ਸਿੰਘ ਝੋਟੇ ਦੇ ਪਿਤਾ ਭੀਮ ਸਿੰਘ ਫ਼ੌਜੀ ਨੇ ਸਿਆਸੀ ਆਗੂਆਂ ਦੀ ਆਮਦ ਬਾਰੇ ਕਿਹਾ ਕਿ ਉਨ੍ਹਾਂ ਦੇ ਘਰ ਤੇ ਧਰਨੇ ਵਾਲੀ ਥਾਂ ’ਤੇ ਇੰਦਰਾ ਗਾਂਧੀ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਨਾ ਆਵੇ। ਉਨ੍ਹਾਂ ਕਿਹਾ, ‘ਨਾ ਰਾਹੁਲ ਗਾਂਧੀ ਆਵੇ, ਨਾ ਬੇਅੰਤ ਪਰਿਵਾਰ ਆਵੇ।’ ਇਸ ਦੌਰਾਨ ਉਨ੍ਹਾਂ ਦੇ ਬੋਲਾਂ ਵਿੱਚ 1984 ਦੀ ਕਾਰਵਾਈ ਦਾ ਦਰਦ ਵੀ ਝਲਕਿਆ। ਧਰਨੇ ਦੌਰਾਨ ਉਨ੍ਹਾਂ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਆਪਣੀ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਉਹ ਆਪਣੇ ਹੀ ਸ਼ਹਿਰ ਵਿੱਚ ਨਸ਼ਿਆਂ ਦੇ ਰੁਝਾਨ ਨੂੰ ਰੋਕ ਨਾ ਸਕੇ ਅਤੇ ਨਾ ਹੀ ਇਨਸਾਫ਼ ਦਿਵਾਉਣ ਲਈ ਅੱਗੇ ਆਏ।
ਪੁੱਤ ਦੇ ਵਿਛੋੜੇ ਦਾ ਦਰਦ ਹੰਢਾ ਰਹੇ ਭੀਮ ਸਿੰਘ ਫ਼ੌਜੀ ਨੂੰ 1984 ਦੀਆਂ ਘਟਨਾਵਾਂ ਦੀ ਪੀੜ ਵੀ ਸਤਾਉਂਦੀ ਦਿਖਾਈ ਦਿੱਤੀ। ਰਾਹੁਲ ਗਾਂਧੀ ਅਤੇ ਬੇਅੰਤ ਪਰਿਵਾਰ ਦੀ ਆਮਦ ਪ੍ਰਤੀ ਅਸਹਿਮਤੀ ਪ੍ਰਗਟਾਉਂਦੇ ਹੋਏ ਉਨ੍ਹਾਂ ਦੀ ਪ੍ਰਤੀਕਿਰਿਆ ਵਿੱਚ ਮੌਜੂਦਾ ਦੁੱਖ ਦੇ ਨਾਲ ਪੁਰਾਣੇ ਜ਼ਖ਼ਮਾਂ ਦੀ ਚੀਸ ਵੀ ਉੱਭਰ ਆਈ। ਉਹ ਆਪਣੇ ਪੁੱਤਰ ਦੀ ਮੌਤ ਦਾ ਦਰਦ ਲੈ ਕੇ ਨਸ਼ਿਆਂ ਖਿਲਾਫ਼ ਸੰਘਰਸ਼ ਕਰ ਰਹੇ ਹਨ।ਭੀਮ ਸਿੰਘ ਫ਼ੌਜੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਮਾਨਸਾ ਦੇ ਵਿਧਾਇਕ ਅਤੇ ਭਗਵੰਤ ਮਾਨ ਦੀ ਲੋਕ ਜ਼ਮਾਨਤ ਜ਼ਬਤ ਕਰਵਾਉਣਗੇ। ਉਨ੍ਹਾਂ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਮੋਰਚੇ ਦੇ 12ਵੇਂ ਦਿਨ ਵੀ ਪਰਵਿੰਦਰ ਝੋਟੇ ਦੀ ਦੇਹ ਦੇ ਪੋਸਟਮਾਰਟਮ ਬਾਰੇ ਗੱਲ ਅੱਗੇ ਨਹੀਂ ਤੁਰ ਸਕੀ। ਸਰਕਾਰ ਅਤੇ ਐਕਸ਼ਨ ਕਮੇਟੀ ਵਿਚਾਲੇ ਗੱਲਬਾਤ ਦੇ ਯਤਨ ਦੇ ਬਾਵਜੂਦ ਮਾਮਲੇ ਦਾ ਠੋਸ ਨਿਬੇੜਾ ਨਾ ਹੋਣ ਕਾਰਨ ਪਰਿਵਾਰ ਦੀ ਉਡੀਕ ਲੰਮੀ ਹੁੰਦੀ ਜਾ ਰਹੀ ਹੈ। ਦੂਜੇ ਪਾਸੇ ਐਕਸ਼ਨ ਕਮੇਟੀ ਵੱਲੋਂ ਪਰਵਿੰਦਰ ਝੋਟੇ ਨੂੰ ਇਨਸਾਫ਼ ਦਿਵਾਉਣ, ਗ੍ਰਿਫ਼ਤਾਰ ਆਗੂਆਂ ਦੀ ਰਿਹਾਈ ਅਤੇ ਮੋਰਚੇ ਦੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਜਾਰੀ ਹੈ।
- 0
- 0
- 0
- 0














