— ਕਿਸਾਨਾਂ ਨੂੰ ਵਿਗਿਆਨਕ ਖੇਤੀ ਤਕਨੀਕਾਂ, ਪਰਾਲੀ ਪ੍ਰਬੰਧਨ ਅਤੇ ਸਰਕਾਰੀ ਸਕੀਮਾਂ ਬਾਰੇ ਕੀਤਾ ਜਾਗਰੂਕ
ਟਾਈਮਜ਼ ਆਫ਼ ਪੰਜ਼ਾਬ ਬਿਊਰੋ
ਬਠਿੰਡਾ 10 ਅਕਤੂਬਰ :– ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾ ਰਹੇ ਜਾਗਰੂਕਤਾ ਕੈਂਪਾ ਦੀ ਲੜੀ ਤਹਿਤ ਬਲਾਕ ਫੂਲ ਪਿੰਡ ਮਹਿਰਾਜ ਵਿਖੇ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਜਾਗਰੂਕਤਾ ਕੈਂਪ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ ਸ. ਬਲਕਰਨ ਸਿੰਘ ਮਾਹਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਦੌਰਾਨ ਕਿਸਾਨ ਵੀਰਾਂ ਨੂੰ ਆਪਣੀਆਂ ਵੱਖ-ਵੱਖ ਫ਼ਸਲਾਂ ਦੀ ਵਧੀਆ ਪੈਦਾਵਾਰ, ਖੇਤੀ ਦੀਆਂ ਨਵੀਂਆਂ ਤਕਨੀਕਾਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਪਰਾਲੀ ਨੂੰ ਨਾ ਸਾੜਨ ਅਤੇ ਇਸ ਦੀ ਸੰਭਾਲ ਲਈ ਵੱਖ-ਵੱਖ ਤਰੀਕਿਆਂ ਬਾਰੇ ਜਾਗਰੂਕ ਕਰਨਾ ਹੁੰਦਾ ਹੈ।
ਕੈਂਪ ਦੌਰਾਨ ਉਪ-ਮੰਡਲ ਮੈਜਿਸਟ੍ਰੇਟ ਸ੍ਰੀ ਬਲਕਰਨ ਸਿੰਘ ਮਾਹਲ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਸਥਾਨਕ ਪੱਧਰ ’ਤੇ ਉਪਲਬਧ ਢੁਕਵੀਆਂ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ, ਵਾਤਾਵਰਣ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਲਈ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਆਪਸੀ ਸਹਿਯੋਗ, ਸਾਂਝੇ ਯਤਨਾਂ ਅਤੇ ਸਰਗਰਮ ਭਾਗੀਦਾਰੀ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਡਾ. ਯਾਦਵੀਰ ਕੌਰ ਨੇ ਕਣਕ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕਰਦਿਆਂ ਵੱਧ ਝਾੜ ਪ੍ਰਾਪਤ ਕਰਨ ਲਈ ਸਿਫ਼ਾਰਸ਼ਸ਼ੁਦਾ ਖੇਤੀ ਤਰੀਕੇ ਅਪਣਾਉਣ ’ਤੇ ਜ਼ੋਰ ਦਿੱਤਾ। ਡਾ. ਜਸਵਿੰਦਰ ਕੌਰ ਨੇ ਕੈਨੋਲਾ ਅਤੇ ਸਰ੍ਹੋਂ ਦੀ ਕਾਸ਼ਤ ਸਬੰਧੀ ਜਾਣਕਾਰੀ ਦਿੰਦਿਆਂ ਇਨ੍ਹਾਂ ਫ਼ਸਲਾਂ ਦੀ ਬਿਹਤਰ ਪੈਦਾਵਾਰ ਲਈ ਵਿਗਿਆਨਕ ਵਿਧੀਆਂ ਅਪਣਾਉਣ ਦੀ ਅਪੀਲ ਕੀਤੀ।
ਡਾ. ਹਰਦੀਪ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਉਪਲਬਧ ਤਕਨੀਕਾਂ ਅਤੇ ਇਸ ਦੇ ਨਿਪਟਾਰੇ ਦੇ ਵੱਖ-ਵੱਖ ਵਿਕਲਪਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ, ਇਸ ਲਈ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਟਿਕਾਊ ਖੇਤੀ ਤਰੀਕਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਇਸ ਮੌਕੇ ਡਾ. ਰਮਨਦੀਪ ਕੌਰ ਬਾਗਬਾਨੀ ਵਿਕਾਸ ਅਫ਼ਸਰ ਨੇ ਘਰੇਲੂ ਰਸੋਈ ਬਗੀਚੀ ਦੀ ਮਹੱਤਤਾ ਅਤੇ ਇਸ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਬਸਿਡੀ ਸਕੀਮਾਂ ਬਾਰੇ ਵੀ ਦੱਸਿਆ। ਡਾ. ਪ੍ਰਭਜੋਤ ਕੌਰ ਜ਼ਿਲ੍ਹਾ ਸਿਖਲਾਈ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾਂਦੇ ਸਿਖਲਾਈ ਅਤੇ ਜਾਗਰੂਕਤਾ ਕੈਂਪਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਨਵੀਆਂ ਖੇਤੀ ਤਕਨੀਕਾਂ ਸਬੰਧੀ ਜਾਣਕਾਰੀ ਦਾ ਲਾਭ ਉਠਾਉਣ। ਉਨ੍ਹਾਂ ਨੇ ਕੈਂਪ ਵਿੱਚ ਪਹੁੰਚੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਖੇਤੀਬਾੜੀ ਵਿਭਾਗ ਦੇ ਉਪਰਾਲਿਆਂ ਵਿੱਚ ਉਨ੍ਹਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ।
ਇਸ ਮੌਕੇ ਅਗਾਂਹਵਧੂ ਕਿਸਾਨਾਂ ਤੋਂ ਇਲਾਵਾ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
- 0
- 0
- 0
- 0















