–ਸਾਜਿਸ਼ ਅਧੀਨ ਲਗਾਏ ਗੰਭੀਰ ਦੋਸ਼ਾਂ ਦੀ ਨਿਰਪੱਖ ਜਾਂਚ ਹੋਵੇ : ਆਈਐੱਮਏ
–ਅਸਥੀਆਂ ਵਿੱਚੋ ਨਿਕਲੀਆਂ ਪੱਤੀਆਂ ਦਾ ਡਾਕਟਰੀ ਪੇਸ਼ੇ ਨਾਲ ਨਹੀਂ ਕੋਈ ਸੰਬੰਧ : ਆਈ ਐਮ ਏ
ਟੀ ਕੇ ਸ਼ਰਮਾ
ਨਾਭਾ, 12 ਸਤੰਬਰ —ਹਲਕਾ ਨਾਭਾ ਵਿਖੇ ਇੱਕ ਮ੍ਰਿਤਕ ਮਹਿਲਾ ਦੀਆਂ ਅਸਥੀਆਂ ਵਿੱਚੋ ਨਿਕਲੀਆਂ ਪੱਤੀਆਂ ਦਾ ਮਾਮਲਾ ਗਰਮਾ ਰਿਹਾ ਹੈ। ਮਾਮਲੇ ਸੰਬੰਧੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਸ਼ਾਖਾ ਨਾਭਾ ਨੇ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਉਪਰੋਕਤ ਮਾਮਲੇ ਵਿੱਚ ਮ੍ਰਿਤਕ ਮਹਿਲਾ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਲਗਾਏ ਦੋਸ਼ ਆਧਾਰਹੀਣ ਅਤੇ ਤੱਥਾਂ ਤੋਂ ਦੂਰ ਹਨ। ਦੱਸਣਯੋਗ ਹੈ ਕਿ ਪਿੰਡ ਮੈਹਸ ਦੀ ਬਲਤੇਜ ਕੌਰ ਪਤਨੀ ਸੂਬਾ ਸਿੰਘ ਨਾਮੀ ਇੱਕ ਮਹਿਲਾ ਦੀ ਮੌਤ ਬਾਦ ਉਸ ਦੇ ਪਰਿਵਾਰਿਕ ਮੈਬਰਾਂ ਨੇ ਦੋਸ਼ ਲਾਇਆ ਸੀ ਕਿ ਉੱਕਤ ਮਹਿਲਾ ਦਾ ਕੁਝ ਦਿਨ ਪਹਿਲਾਂ ਆਪਰੇਸ਼ਨ ਨਾਭਾ ਦੇ ਪ੍ਰਸਿੱਧ ਡਾਕਟਰ ਸ਼ਾਮ ਸਿੰਘ ਵੱਲੋ ਕੀਤਾ ਗਿਆ ਸੀ ਜਿਸ ਦੌਰਾਨ ਕਥਿਤ ਤੌਰ ‘ਤੇ ਅਣਗਹਿਲੀ ਕਾਰਨ ਉਸ ਦੇ ਪੇਟ ਵਿੱਚ ਡਾਕਟਰੀ ਪੇਸ਼ੇ ਨਾਲ ਜੁੜੀਆਂ ਸਟੀਲ ਦੀਆਂ ਪੱਤੀਆਂ ਛੱਡਣ ਕਾਰਨ ਮਹਿਲਾ ਦੀ ਮੌਤ ਹੋ ਗਈ। ਅੱਜ ਨਾਭਾ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਸ਼ਾਖਾ ਨਾਭਾ ਪ੍ਰਧਾਨ ਜੇ.ਪੀ. ਨਰੂਲਾ, ਮਾਮਲੇ ਨਾਲ ਜੁੜੇ ਡਾਕਟਰ ਸ਼ਾਮ ਸਿੰਘ ਨੇ ਖੁਲਾਸਾ ਕੀਤਾ ਕਿ ਮ੍ਰਿਤਕ ਮਹਿਲਾ ਦੀ ਬੱਚੇਦਾਨੀ ਦਾ 26 ਅਗਸਤ ਨੂੰ ਆਪਰੇਸ਼ਨ ਕਰਨ ਬਾਦ ਉਸ ਦੇ ਬਿਲਕੁੱਲ ਤੰਦਰੁਸਤ ਹੋਣ ਉਪਰੰਤ 31 ਅਗਸਤ ਨੂੰ ਨਿੱਜੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਸੀ ਅਤੇ 05 ਸਤੰਬਰ ਨੂੰ ਟਾਂਕੇ ਕੱਟੇ ਗਏ ਸਨ। ਉਨ੍ਹਾਂ ਦੱਸਿਆ ਕਿ ਸਬੰਧਤ ਮਹਿਲਾ ਨੂੰ ਉਸ ਦੇ ਟਾਂਕਿਆਂ ਨੂੰ ਸਪੋਰਟ ਲਈ ਪਿੱਠ ‘ਤੇ ਬੰਨਣ ਵਾਲੀ ਬੈਲਟ ਬੰਨਣ ਦੀ ਸਲਾਹ ਵੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਮਹਿਲਾ ਦੇ ਪਰਿਵਾਰਿਕ ਮੈਬਰਾਂ ਨੇ ਉਸੇ ਬੈਲਟ ਸਮੇਤ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਅਤੇ ਜਾਣਕਾਰੀ ਦੀ ਘਾਟ ਕਾਰਨ ਇਸੇ ਸਪੋਰਟ ਬੈਲਟ ਦੀਆਂ ਨਿਕਲੀਆਂ ਪੱਤੀਆਂ ਨੂੰ ਨਿੱਜੀ ਡਾਕਟਰ ਦੀ ਅਣਗਹਿਲੀ ਕਾਰਨ ਪੇਟ ਵਿੱਚ ਛੱਡਣ ਦੇ ਦੋਸ਼ ਲਗਾ ਦਿੱਤੇ ਹਨ। ਡਾਕਟਰ ਸ਼ਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਦਾ ਪੋਸਟਮਾਰਟਮ ਕਰਵਾਏ ਬਿਨਾਂ ਹੀ ਅੰਤਿਮ ਸੰਸਕਾਰ ਕਰ ਦਿੱਤਾ ਅਤੇ ਅਸਥੀਆਂ ਵਿੱਚੋ ਬਰਾਮਦ ਬੈਲਟ ਦੀਆਂ ਪੱਤੀਆਂ ਨੂੰ ਡਾਕਟਰੀ ਪੇਸ਼ੇ ਦੇ ਔਜਾਰ ਵਜੋਂ ਪ੍ਰਚਾਰਿਤ ਕਰ ਦਿੱਤਾ। ਉਨ੍ਹਾਂ ਡਾਕਟਰ ਅਤੇ ਮਰੀਜ ਦੇ ਭਰੋਸੇਯੋਗ ਰਿਸ਼ਤੇ ਦਾ ਹਵਾਲਾ ਦਿੰਦਿਆਂ ਸਪੱਸ਼ਟ ਕਿਹਾ ਕਿ ਕੋਈ ਵੀ ਡਾਕਟਰ ਆਪਣੇ ਮਰੀਜ ਦਾ ਨੁਕਸਾਨ ਨਹੀਂ ਚਾਹੁੰਦਾ ਅਤੇ ਬਰਾਮਦ ਪੱਤੀਆਂ ਦਾ ਆਪਰੇਸ਼ਨ ਸਮੇਂ ਵਰਤੇ ਜਾਣ ਵਾਲੇ ਔਜਾਰਾਂ ਨਾਲ ਕੋਈ ਸਬੰਧ ਹੀ ਨਹੀਂ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੀਨਾ ਬਾਂਸਲ, ਰਾਜਵੰਤ ਸਿੰਘ, ਮੁਲਕ ਰਾਜ, ਜੀਵਨ ਗਰਗ, ਆਈਡੀ ਗੋਇਲ, ਪ੍ਰਵੀਨ ਗੁਪਤਾ, ਅਸ਼ਵਨੀ ਬਾਂਸਲ, ਅਮਰਜੀਤ ਸਿੰਘ ਸਾਹਨੀ, ਪ੍ਰਦੀਪ ਚਾਵਲਾ, ਸੁਰਿੰਦਰ ਅਗਰਵਾਲ, ਐਮਪੀ ਰੋਲੀ, ਪੁਸ਼ਪਾ ਰੋਲੀ, ਕਮਲ ਬੰਸਲ, ਚੇਤਨ ਗੋਇਲ, ਨਵਦੀਪ ਸਿੰਗਲਾ, ਦਵਿੰਦਰ ਜੀਤ ਕੌਰ, ਸੁਨੀਤਾ ਗਰਗ, ਦੀਪਕ ਗੁਪਤਾ, ਪਰਮੀਲਾ ਚੋਪੜਾ, ਅਤੁਲ ਅਨੇਜਾ, ਮਨੋਜ ਗੋਇਲ, ਪੁਲੀਤ ਬਾਂਸਲ, ਸੁਮਿਤ ਗਰਗ, ਸ਼ਾਮ ਸਿੰਘ, ਸਮਰਿਤੀ ਸਿੰਗਲਾ (ਸਾਰੇ ਡਾਕਟਰ) ਵੀ ਹਾਜਰ ਰਹੇ।
- 0
- 0
- 0
- 0














