—ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
27 ਅਗਸਤ, ਨਾਭਾ ( ਟੀ. ਕੇ. ਸ਼ਰਮਾ ) ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਦਿੱਤੇ ਸੱਦੇ ਤਹਿਤ ਤਹਿਸੀਲ ਨਾਭਾ ਦੇ ਅਧਿਆਪਕਾਂ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਸਥਾਨਕ ਪਟਿਆਲਾ ਗੇਟ ਨਾਭਾ ਵਿਖੇ ਵਿਸ਼ਾਲ ਰੈਲੀ ਕਰਨ ਉਪਰੰਤ ਸ਼ਹਿਰ ਦੇ ਬਾਜ਼ਾਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ ਅਤੇ ਭਿੱਖੀ ਮੋੜ ਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਡਾ. ਰਾਮ ਸ਼ਰਨ ਅਲੌਹਰਾਂ, ਜਗਤਾਰ ਸਿੰਘ ਜੱਗੀ, ਜਗਪ੍ਰੀਤ ਸਿੰਘ ਭਾਟੀਆ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਖ਼ਤ ਹੁਕਮਾਂ ਦੇ ਬਾਵਜੂਦ 18 ਫੀਸਦੀ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਏ ਨਾ ਜਾਰੀ ਕੀਤੇ ਜਾਣ, ਪੈਨਸ਼ਨਰਾਂ ਅਤੇ ਅਣ-ਰਿਵਾਇਜ਼ਡ ਕੈਟਾਗਰੀਆਂ ਦੇ ਮੁਲਾਜ਼ਮਾਂ ‘ਤੇ 2.59 ਦਾ ਗੁਣਾਂਕ ਲਾਗੂ ਨਾ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੇ ਜਾਣ, ਵੱਖ-ਵੱਖ ਕਿਸਮ ਦੇ ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤੇ ਜਾਣ, ਮਾਣਭੱਤਾ ਵਰਕਰਾਂ (ਮਿਡ-ਡੇ-ਮੀਲ, ਆਸ਼ਾ ਤੇ ਆਂਗਣਵਾੜੀ) ਉੱਤੇ ਘੱਟੋ-ਘੱਟ ਉਜ਼ਰਤਾਂ ਲਾਗੂ ਨਾ ਕੀਤੇ ਜਾਣ, ਪੇਂਡੂ ਅਤੇ ਬਾਰਡਰ ਏਰੀਆ ਸਮੇਤ ਬੰਦ ਕੀਤੇ ਗਏ 37 ਕਿਸਮ ਦੇ ਭੱਤੇ ਅਤੇ ਏਸੀਪੀ ਸਕੀਮ ਬਹਾਲ ਨਾ ਕੀਤੇ ਜਾਣ, 17/07/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਨਾ ਕੀਤੇ ਜਾਣ, ਪਰਖ ਕਾਲ ਦੌਰਾਨ ਪੂਰੀ ਤਨਖਾਹ ਨਾ ਦਿੱਤੇ ਜਾਣ ਅਤੇ ਹੋਰ ਮੰਗਾਂ ਨਜ਼ਰਅੰਦਾਜ਼ ਕੀਤੇ ਜਾਣ ਕਰਕੇ ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣਭੱਤਾ ਵਰਕਰਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਗੁੱਸੇ ਦੀ ਭਾਰੀ ਲਹਿਰ ਹੈ। ਤਾਲਮੇਲ ਕਮੇਟੀ ਦੇ ਆਗੂਆਂ ਵਿਕਾਸ ਸਹਿਗਲ ਜੀਟੀਯੂ, ਡਾ. ਗੁਰਪ੍ਰੀਤ ਸਿੰਘ ਨਾਭਾ ਡੀਟੀਐਫ ਅਤੇ ਸੁਰਜੀਤ ਸਿੰਘ ਐਸੀ ਬੀਸੀ ਅਧਿਆਪਕ ਯੂਨੀਅਨ ਨੇ ਆਖਿਆ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਸਮੁੱਚੀਆਂ ਮੰਗਾਂ ਤੇ ਗੱਲਬਾਤ ਕਰਨ ਦੀ ਬਜਾਏ ਕੇਵਲ ਤਨਖਾਹ ਸਕੇਲਾਂ ਸੰਬੰਧੀ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ।
ਤਾਲਮੇਲ ਕਮੇਟੀ ਦੇ ਆਗੂਆਂ ਗੁਰਜੀਤ ਸਿੰਘ ਪੈਨਸ਼ਨਰ ਐਸੋਸੀਏਸ਼ਨ, ਸੁਨੀਲ ਗਾਗਟ ਸਫਾਈ ਸੇਵਕ ਕਰਮਚਾਰੀ, ਧਰਮਦੇਵ ਸਿੰਘ ਰਿਟਾਇਰਡ ਪੁਲਿਸ ਐਸੋਸੀਏਸ਼ਨ, ਗੁਰਚਰਨ ਸਿੰਘ ਟੌਹੜਾ ਟੈਕਨੀਕਲ ਸਰਵਿਸ ਯੂਨੀਅਨ, ਹਿੰਮਤ ਸਿੰਘ ਪੁਰਾਣੀ ਪੈਨਸ਼ਨ ਬਹਾਲੀ, ਭਜਨ ਸਿੰਘ ਨੌਹਰਾ, ਬਸ਼ੀਰ ਮੁਹੰਮਦ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕੁਲਵੰਤ ਸਿੰਘ ਡੀਟੀਐਫ, ਨਰਿੰਦਰ ਸਿੰਘ ਨਰਮਾਣਾ ਕੰਪਿਊਟਰ ਟੀਚਰ ਯੂਨੀਅਨ, ਗੁਰਜਿੰਦਰ ਸਿੰਘ ਗੁਰੀ ਐਸਸੀ ਬੀਸੀ ਅਧਿਆਪਕ ਯੂਨੀਅਨ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਜਲਦੀ ਉਹਨਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਪੰਜਾਬ ਸਰਕਾਰ ਨੂੰ ਇਸਦੀ ਸਿਆਸੀ ਕੀਮਤ ਚੁਕਾਉਣੀ ਪਵੇਗੀ। ਇਸ ਮੌਕੇ ਸਤਨਾਮ ਸਿੰਘ ਪਾਲੀਆ ਐਲੀਮੈਂਟਰੀ ਟੀਚਰ ਯੂਨੀਅਨ, ਗੁਰਧਿਆਨ ਸਿੰਘ ਪੀਐਸਯੂ, ਪਰਮਜੀਤ ਸਿੰਘ ਸੋਡੀ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ, ਪਿਸ਼ੋਰਾ ਸਿੰਘ ਅਧਿਆਪਕ ਦਲ, ਧਰਮਵੀਰ ਸਿੰਘ ਜੈਡ ਪੀਐਸਈ, ਲਖਮੀਰ ਸਿੰਘ ਸੀਪੀਐਫ ਯੂਨੀਅਨ, ਲਵਨੀਸ਼ ਢਿੰਗੀ 4161 ਅਧਿਆਪਕ ਯੂਨੀਅਨ, ਦੀਪ ਚੰਦ ਹੰਸ ਕਲਾਸ ਫੋਰ ਇਮਪਲੋਈਜ ਯੂਨੀਅਨ, ਲਖਵੀਰ ਸਿੰਘ ਪੀਐਸਐਫ, ਰਣਵੀਰ ਸਿੰਘ ਟੀਐਸਯੂ ਆਦਿ ਨੇ ਵੀ ਸੰਬੋਧਨ ਕੀਤਾ।
- 0
- 0
- 0
- 0















