—ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਉੱਤੇ ਲਿਖਿਆ “ਭਾਜਪਾ ਵੱਲੋਂ ਪੰਜਾਬ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ..ਮੇਰੇ ਕੈਂਪ ਆਫ਼ਿਸ ਵਿੱਚ CBI ਰੇਡ ਕੀਤੀ ਗਈ..ਹੁਣ ਪੰਜਾਬ ਵਿੱਚ ED ਤੇ CBI ਦੀ ਦੁਰਵਰਤੋਂ ਕੀਤੀ ਜਾਵੇਗੀ..ਤਾਂ ਕਿ ਪੰਜਾਬ ਸਰਕਾਰ ਅਤੇ ਮੈਨੂੰ ਬਦਨਾਮ ਕੀਤਾ ਜਾ ਸਕੇ..ਲੋਕਾਂ ਵੱਲੋਂ ਮਿਲਦੇ ਪਿਆਰ ਨੂੰ ਦੇਖਕੇ ਭਾਜਪਾ ਘਬਰਾਹਟ ਵਿੱਚ ਹੈ.
ਟਾਈਮਜ਼ ਆਫ਼ ਪੰਜ਼ਾਬ ਬਿਊਰੋ
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਤੇ ਈ.ਡੀ. (ED) ਤੋਂ ਪ੍ਰਾਪਤ ਰਿਪੋਰਟ ਦੇ ਆਧਾਰ ‘ਤੇ, ਸੀ.ਬੀ.ਆਈ. (CBI) ਨੇ ਪੰਜਾਬ ਦੇ ਮੁੱਖ ਮੰਤਰੀ (CM) ਦੇ ਓ.ਐਸ.ਡੀ. (OSD) ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੀ ਜਾਂਚ ਲਈ ਇੱਕ ਐਫ.ਆਈ.ਆਰ. (FIR) ਦਰਜ ਕੀਤੀ ਹੈ। ਇਹ ਇਲਜ਼ਾਮ ਵਿੱਤੀ ਲਾਭਾਂ ਬਦਲੇ ਅਧਿਕਾਰੀਆਂ (ਜਿਵੇਂ ਕਿ ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀ) ਦੀਆਂ ਤਾਇਨਾਤੀਆਂ ਨੂੰ ਪ੍ਰਭਾਵਿਤ ਕਰਨ ਅਤੇ ਹੇਰਾਫੇਰੀ ਕਰਨ, ਵਿਭਾਗੀ ਕਾਰਵਾਈਆਂ, ਨੀਤੀ ਘੜਨ, ਪ੍ਰਸ਼ਾਸਨਿਕ ਮਨਜ਼ੂਰੀਆਂ, ਟੈਂਡਰ ਦੀਆਂ ਸ਼ਰਤਾਂ, ਲਾਇਸੈਂਸਿੰਗ ਮਾਮਲਿਆਂ, ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ (Land Use conversion), ਜਾਇਦਾਦ ਦੇ ਝਗੜਿਆਂ ਅਤੇ ਮਾਲੀਆ ਤੇ ਜ਼ਮੀਨ ਨਾਲ ਸਬੰਧਤ ਮੁੱਦਿਆਂ ਵਿੱਚ ਦਖਲਅੰਦਾਜ਼ੀ ਕਰਨ ਨਾਲ ਸਬੰਧਤ ਹਨ
⇒ 6 ਵਿਅਕਤੀਆਂ ਖਿਲਾਫ ਐਫਆਈਆਰ
ਇਹ ਵੀ ਇਲਜ਼ਾਮ ਹੈ ਕਿ ਮੁਲਜ਼ਮ ਸਰਕਾਰੀ ਕਰਮਚਾਰੀਆਂ ਨੇ ਕਥਿਤ ਤੌਰ ‘ਤੇ ਸਰਕਾਰ ਵੱਲੋਂ ਹੁਕਮਾਂ ਅਤੇ ਨੀਤੀਆਂ ਨੂੰ ਜਾਰੀ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਖਰੜੇ (drafts) ਨਿੱਜੀ ਵਿਅਕਤੀਆਂ ਤੱਕ ਪਹੁੰਚਾਏ। ਸੀ.ਬੀ.ਆਈ. ਨੇ 6 ਵਿਅਕਤੀਆਂ – ਜਿਨ੍ਹਾਂ ਵਿੱਚ ਦੋ ਸਰਕਾਰੀ ਕਰਮਚਾਰੀ, ਵਿਚੋਲੇ ਅਤੇ ਸਾਥੀ ਸ਼ਾਮਲ ਹਨ – ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿੱਚ ਰਾਜਬੀਰ ਘੁੰਮਣ (ਮੁੱਖ ਮੰਤਰੀ, ਪੰਜਾਬ ਦੇ ਓ.ਐਸ.ਡੀ.), ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ, ਆਰ.ਐਸ. ਨਾਗਰਾ ਅਤੇ ਅਣਪਛਾਤੇ ਸਰਕਾਰੀ ਕਰਮਚਾਰੀ ਤੇ ਨਿੱਜੀ ਵਿਅਕਤੀ ਸ਼ਾਮਲ ਹਨ
ਇਸ ਤੋਂ ਬਾਅਦ, ਸੀ.ਬੀ.ਆਈ. ਨੇ ਮੁਲਜ਼ਮਾਂ ਨਾਲ ਸਬੰਧਤ ਟਿਕਾਣਿਆਂ ‘ਤੇ ਚੰਡੀਗੜ੍ਹ, ਮੋਹਾਲੀ, ਗੁਰਦਾਸਪੁਰ, ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਜਲੰਧਰ ਸਮੇਤ 8 ਥਾਵਾਂ ‘ਤੇ ਵਿਆਪਕ ਅਤੇ ਤਾਲਮੇਲ ਵਾਲੀ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਲੈਪਟਾਪ, ਮੋਬਾਈਲ ਫੋਨ ਅਤੇ ਦਸਤਾਵੇਜ਼ਾਂ ਵਰਗੇ ਅਹਿਮ ਸਬੂਤ ਜ਼ਬਤ ਕੀਤੇ ਗਏ। ਰਿਸ਼ਵਤਖੋਰੀ ਅਤੇ ਬੇਨਿਯਮੀਆਂ ਦੇ ਸਬੂਤਾਂ ਲਈ ਇਨ੍ਹਾਂ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ। ਸੀ.ਬੀ.ਆਈ. ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲੜਨ ਅਤੇ ਰਿਸ਼ਵਤਖੋਰੀ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ’ਚ ਸਰਕਾਰੀ ਬਦਲੀਆਂ ਤੇ ਪੋਸਟਿੰਗਾਂ ’ਚ ਕਥਿਤ ਲੈਣ-ਦੇਣ, ਅਨੁਕੂਲ ਨੀਤੀਆਂ ਬਣਾਉਣ ਅਤੇ ਟੈਂਡਰਾਂ ’ਚ ਰਿਸ਼ਵਤ ਦੇ ਦੋਸ਼ਾਂ ਦੀ ਜਾਂਚ ਸੀ ਬੀ ਆਈ ਹਵਾਲੇ ਕਰ ਦਿੱਤੀ ਸੀ। ਹਾਈ ਕੋਰਟ ਨੇ ਸੀ ਬੀ ਆਈ ਨੂੰ ਐੱਫ ਆਈ ਆਰ ਦਰਜ ਕਰ ਕੇ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰਨ ਅਤੇ ਦੋ ਮਹੀਨਿਆਂ ਦੇ ਅੰਦਰ ਰਿਪੋਰਟ ਦੇਣ ਦੇ ਹੁਕਮ ਦਿੱਤੇ ਹੋਏ ਹਨ। ਇਸ ਮਾਮਲੇ ’ਤੇ ਅਗਲੀ ਸੁਣਵਾਈ 7 ਦਸੰਬਰ ਨੂੰ ਹੋਵੇਗੀ।
ਬੈਂਚ ਨੇ ਨਿਰਪੱਖ ਜਾਂਚ ਲਈ ਪੰਜਾਬ ਪੁਲੀਸ ਨੂੰ ਸੀ ਬੀ ਆਈ ਨਾਲ ਪੂਰਨ ਸਹਿਯੋਗ ਕਰਨ ਲਈ ਵੀ ਕਿਹਾ ਹੈ। ਹਾਈ ਕੋਰਟ ਨੇ ਈ ਡੀ ਵੱਲੋਂ ਪੀ ਐੱਮ ਐੱਲ ਏ ਦੀ ਧਾਰਾ 66(2) ਤਹਿਤ ਸਾਂਝੀ ਕੀਤੀ ਜਾਣਕਾਰੀ ਦੇ ਆਧਾਰ ’ਤੇ ਸੀ ਬੀ ਆਈ ਨੂੰ ਐੱਫ ਆਈ ਆਰ ਦਰਜ ਕਰਨ ਦੇ ਆਦੇਸ਼ ਦਿੱਤੇ ਸਨ। ਅਦਾਲਤ ਨੇ ਪੰਜਾਬ ਸਰਕਾਰ ਦੀ ਉਸ ਅਰਜ਼ੀ ਨੂੰ ਵੀ ਖ਼ਾਰਜ ਕਰ ਦਿੱਤਾ, ਜਿਸ ’ਚ ਪਟੀਸ਼ਨਰ ਦੀ ਯੋਗਤਾ ’ਤੇ ਸਵਾਲ ਚੁੱਕੇ ਗਏ ਸਨ। ਅਦਾਲਤ ਨੇ ਸੂਬਾ ਸਰਕਾਰ ਵੱਲੋਂ ਪਟੀਸ਼ਨਰ ਨਿਖਿਲ ਸਰਾਫ਼ ਦੀ ਨਿੱਜੀ ਜਾਇਦਾਦ ਨੂੰ ਢਾਹੁਣ ਦੀ ਕਾਰਵਾਈ ਨੂੰ ਬਦਲਾਖੋਰੀ ਕਰਾਰ ਦਿੱਤਾ। ਫ਼ੈਸਲੇ ’ਚ ਕਿਹਾ ਕਿ ‘ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ’ ਵੱਲੋਂ ਇਸ ਮਾਮਲੇ ਨੂੰ ਸ਼ੁਰੂਆਤੀ ਜਾਂਚ ਦੇ ਨਾਂ ’ਤੇ ਲਟਕਾਇਆ ਗਿਆ ਅਤੇ ਅਜਿਹਾ ਸਬੂਤਾਂ ਨਾਲ ਛੇੜਛਾੜ ਅਤੇ ਦੋਸ਼ੀਆਂ ਨੂੰ ਬਚਾਉਣ ਦੇ ਇਰਾਦੇ ਨਾਲ ਕੀਤਾ ਗਿਆ।
⇒ ਦੂਜੇ ਪਾਸੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫ਼ੈਸਲਾ ਕੀਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਚੰਡੀਗੜ੍ਹ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਸੂਬੇ ’ਚ ਪੁਰਾਣੀਆਂ ਸਰਕਾਰਾਂ ਨੇ ਪਹਿਲਾਂ ਹੀ ਸੀ ਬੀ ਆਈ ਦੇ ਸਿੱਧੇ ਦਖ਼ਲ ਉੱਤੇ ਰੋਕ ਲਗਾਈ ਹੋਈ ਹੈ। ਇਸੇ ਨੂੰ ਆਧਾਰ ਬਣਾ ਕੇ ਸਰਕਾਰ ਵੱਲੋਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਸੀ ਬੀ ਆਈ ਜਾਂਚ ਦਾ ਵਿਰੋਧ ਕੀਤਾ ਜਾਵੇਗਾ
ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਬੀਰ ਸਿੰਘ ਦੇ ਘਰ ਛਾਪਾ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਸੀਬੀਆਈ ਦੀ ਟੀਮ ਵੱਲੋਂ ਅੱਜ ਸ਼ਾਮ ਇਥੋਂ ਨੇੜਲੇ ਪਿੰਡ ਘਰਾਚੋਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਦੇ ਘਰ ਛਾਪਾ ਮਾਰਿਆ ਗਿਆ। ਮੁੱਖ ਮੰਤਰੀ ਦੇ ਦਫ਼ਤਰ ਨਾਲ ਸਬੰਧਤ ਮਾਮਲੇ ਨੂੰ ਹਾਈਕੋਰਟ ਵਲੋਂ ਸੀਬੀਆਈ ਹਵਾਲੇ ਕਰਨ ਉਪਰੰਤ ਮਾਮਲਾ ਦਰਜ ਕੀਤਾ ਗਿਆ। ਇਸ ਉਪਰੰਤ ਸੀਬੀਆਈ ਦੀ ਟੀਮ ਵੱਲੋਂ ਪਿੰਡ ਘਰਾਚੋਂ ਵਿਚ ਰਾਜਬੀਰ ਸਿੰਘ ਦੇ ਘਰ ਅੰਦਰ ਦੋ ਘੰਟਿਆਂ ਤੋਂ ਪੜਤਾਲ ਜਾਰੀ ਹੈ। ਇਸ ਦੌਰਾਨ ਘਰ ਦੇ ਬਾਹਰ ਖੜ੍ਹੇ ਪੱਤਰਕਾਰਾਂ ਨੂੰ ਸ਼ਾਮ 8:25 ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਡੀਐਸਪੀ ਭਵਾਨੀਗੜ੍ਹ ਸਤਨਾਮ ਸਿੰਘ ਵੱਲੋਂ ਸਿਰਫ ਐਨਾ ਹੀ ਦੱਸਿਆ ਗਿਆ ਕਿ ਰੇਡ ਜਾਰੀ ਹੈ। ਟੀਮ ਵਿਚ 5-6 ਅਧਿਕਾਰੀ ਮੌਜੂਦ ਸਨ।
- 0
- 0
- 0
- 0















