–ਬਰਾਬਰ ਅੰਕ ਬਰਾਬਰ ਰੈਂਕ, ਵਿਦਿਆਰਥਣ ਦੇ ਸਵਾਲ ਮਗਰੋਂ ਮੁੱਖ ਮੰਤਰੀ ਮਾਨ ਦਾ ਐਲਾਨ
ਟਾਈਮਜ਼ ਆਫ਼ ਪੰਜਾਬ ਬਿਊਰੋ
ਚੰਡੀਗੜ੍ਹ,31 ਮਈ – ਚੰਡੀਗੜ੍ਹ ਵਿੱਚ ‘ਸਿਤਾਰੇ ਜ਼ਮੀਨ ‘ਤੇ’ ਪ੍ਰੋਗਰਾਮ ਵਿੱਚ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜਨਮ ਮਿਤੀ ਦੇ ਅਧਾਰ ‘ਤੇ ਰੈਂਕ ਨਿਰਧਾਰਤ ਕਰਨ ਦੀ ਬਜਾਏ ਸਾਂਝਾ ਪਹਿਲਾ ਸਥਾਨ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇੱਕ ਵਿਦਿਆਰਥਣ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਮਰ ਦੇ ਹਿਸਾਬ ਨਾਲ ਟਾਪਰ ਐਲਾਨ ਕਰਨ ਦਾ ਸਵਾਲ ਕੀਤਾ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਨੰਬਰਾਂ ਦੇ ਅਧਾਰ ਉੱਤੇੇ ਟਾਪਰ ਐਲਾਨ ਕਰਨ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਨੇ ਕਿਹਾ ਕਿ, “ਅੱਜ ਚੰਡੀਗੜ੍ਹ ਵਿੱਚ, ਮੈਨੂੰ ‘ਸਿਤਾਰੇ ਜ਼ਮੀਨ ਤੇ’ ਪ੍ਰੋਗਰਾਮ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮੌਕੇ ‘ਤੇ, ਮੈਂ ਸਿੱਖਿਆ ਵਿਭਾਗ ਨੂੰ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਕਿ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜਨਮ ਮਿਤੀ ਦੇ ਅਧਾਰ ‘ਤੇ ਰੈਂਕ ਨਿਰਧਾਰਤ ਕਰਨ ਦੀ ਬਜਾਏ ਸਾਂਝਾ ਪਹਿਲਾ ਸਥਾਨ ਦਿੱਤਾ ਜਾਵੇ। ਅੱਜ ਤੁਹਾਡੀ ਸਰਕਾਰ ਦੇ ਸਮਰਪਿਤ ਯਤਨਾਂ ਸਦਕਾ, ਪੰਜਾਬ ਦੇ ਸਰਕਾਰੀ ਸਕੂਲ ਸਿੱਖਿਆ ਦੇ ਖੇਤਰ ਵਿੱਚ ਕੇਰਲਾ ਨੂੰ ਵੀ ਪਛਾੜ ਰਹੇ ਹਨ।”
- 0
- 0
- 0
- 0














