–ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ
–ਹਰ ਖੇਤ ਨੂੰ ਨਹਿਰੀ ਪਾਣੀ ਅਤੇ ਹਰ ਘਰ ਨੂੰ ਸਾਫ ਨਹਿਰੀ ਪਾਣੀ ਦੇਣ ਦੀ ਮੰਗ ਕਰਨ ਦੇ ਨਾਲ ਨਾਲ ਪੰਜਾਬ ਦੇ ਪਾਣੀ ਸੰਕਟ ਨਾਲ ਜੁੜੀਆਂ ਮੰਗਾਂ ਉਠਾਈਆਂ
–ਖਾਦਾਂ ਦੀ ਥੁੜ ਦੂਰ ਕਰਨ, ਕਾਲਾਬਜ਼ਾਰੀ ਨੂੰ ਨੱਥ ਪਾਉਣ, ਤੇਲ ਗੈਸ ਦੇ ਰੇਟਾਂ ‘ਚ ਕੀਤਾ ਵਾਧਾ ਵਾਪਸ ਲੈਣ ਅਤੇ ਖੇਤੀ ਖੇਤਰ ਲਈ ਡੀਜ਼ਲ ਤੇ ਲਾਈ ਲਿਮਟ ਨੂੰ ਹਟਾਉਣ ਦੀ ਕੀਤੀ ਮੰਗ
ਟਾਈਮਜ਼ ਆਫ਼ ਪੰਜਾਬ ਬਿਊਰੋ
ਚੰਡੀਗੜ੍ਹ 19 ਜੂਨ– ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਇੱਕ ਵੱਡੇ ਵਫਦ ਨੇ ਅੱਜ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆਂ ਨਾਲ ਲੋਕ ਭਵਨ ਵਿਖੇ ਮੀਟਿੰਗ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਦਾ ਮੈਮੋਰੈਂਡਮ ਭੇਟ ਕਰਨ ਮੌਕੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ। ਪੂਰੇ ਡੇਢ ਘੰਟਾ ਚੱਲੇ ਇਸ ਵਿਚਾਰ ਵਟਾਂਦਰੇ ਵਿੱਚ ਕਿਸਾਨ ਆਗੂਆਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੇ ਨਾਲ ਨਾਲ ਪੰਜਾਬ ਦੇ ਪਾਣੀ ਸੰਕਟ ਅਤੇ ਉਸਦੇ ਹੱਲ ਨਾਲ ਜੁੜੀਆਂ ਮੰਗਾਂ, ਅਮਰੀਕਾ ਤੇ ਹੋਰ ਵਿਕਸਤ ਮੁਲਕਾਂ ਨਾਲ ਹੋ ਰਹੇ ਕਿਸਾਨੀ ਅਤੇ ਕੌਮੀ ਹਿੱਤਾਂ ਵਿਰੋਧੀ ਵਪਾਰ ਸਮਝੌਤਿਆਂ ਨੂੰ ਰੱਦ ਕਰਨ,ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਸੀ2+50% ਫਾਰਮੂਲੇ ਨਾਲ ਐਮਐਸਪੀ ਤੇ ਖਰੀਦ ਦਾ ਗਾਰੰਟੀ ਕਾਨੂੰਨ ਬਣਾਉਣ, ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਬਿਜਲੀ ਅਤੇ ਬੀਜ ਬਿੱਲ ਨੂੰ ਵਾਪਸ ਲੈਣ,ਪੰਜਾਬ ਦੀ ਖੇਤੀ ਨੀਤੀ ਬਣਾ ਕੇ ਲਾਗੂ ਕਰਨ,ਖਾਦਾਂ ਦੀ ਥੁੜ ਦੂਰ ਕਰਨ ਅਤੇ ਕਾਲਾਬਜ਼ਾਰੀ ਨੂੰ ਨੱਥ ਪਾਉਣ,ਤੇਲ ਅਤੇ ਗੈਸ ਦੀਆਂ ਕੀਮਤਾਂ ਦਾ ਵਾਧਾ ਵਾਪਸ ਲੈਣ, ਖੇਤੀ ਖੇਤਰ ਲਈ ਡੀਜ਼ਲ ਤੇ ਲਾਈ ਲਿਮਿਟ ਹਟਾਉਣ ਅਤੇ ਅਟਾਰੀ ਅਤੇ ਹੁਸੈਨੀਵਾਲਾ ਸੜਕੀ ਤੇ ਰੇਲ ਲਾਂਘਿਆਂ ਰਾਹੀ ਵਪਾਰ ਖੋਲਣ ਸਮੇਤ ਕੁੱਲ 16 ਮੰਗਾਂ ਤੇ ਆਪਣੀ ਗੱਲ ਰੱਖੀ।
ਗਵਰਨਰ ਪੰਜਾਬ ਨੇ ਕਿਸਾਨ ਵਫਦ ਦੀ ਪੂਰੀ ਗੱਲ ਸੁਣਨ ਮਗਰੋਂ ਕੇਂਦਰ ਅਤੇ ਪੰਜਾਬ ਸਰਕਾਰ ਕੋਲ ਕਿਸਾਨਾਂ ਦੀਆਂ ਮੰਗਾਂ ਰੱਖਣ ਦਾ ਭਰੋਸਾ ਦਿੰਦਿਆਂ ਕਿਸਾਨ ਆਗੂਆਂ ਤੋਂ ਮੰਗਾਂ ਸਬੰਧੀ ਦਿੱਤੇ ਤਰਕ ਤੇ ਦਲੀਲਾਂ ਨੂੰ ਲਿਖਤੀ ਨੋਟ ਦੇ ਰੂਪ ‘ਚ ਉਹਨਾਂ ਦੇ ਦਫਤਰ ਨੂੰ ਭੇਜਣ ਦੀ ਗੱਲ ਵੀ ਕੀਤੀ। ਵਰਨਣਯੋਗ ਹੈ ਕਿ ਅੱਜ ਦੀ ਮੀਟਿੰਗ ਬੀਤੇ ਮਹੀਨੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਕਿਸਾਨਾਂ ਦੀਆਂ ਮੰਗਾਂ ਲਈ ਗਵਰਨਰ ਭਵਨ ਵੱਲ ਕੀਤੇ ਗਏ ਮਾਰਚ ਕਾਰਨ ਸੰਭਵ ਹੋਈ ਹੈ। ਉਦੋਂ ਮਾਰਚ ਉੱਤੇ ਪਾਣੀ ਦੀਆਂ ਬੁਛਾੜਾਂ ਤੇ ਹੰਝੂ ਗੈਸ ਦੀ ਵਰਤੋਂ ਕੀਤੀ ਗਈ ਸੀ। ਪ੍ਰੰਤੂ ਮਗਰੋਂ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ।
ਮੀਟਿੰਗ ਦੇ ਸਮਾਪਤ ਹੋਣ ਮਗਰੋਂ ਗਵਰਨਰ ਭਵਨ ਦੇ ਬਾਹਰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਕੇਐਮ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਸੂਬੇ ਦੀ ਖੇਤੀ ਅਤੇ ਪਾਣੀ ਗੰਭੀਰ ਸੰਕਟ ਵਿੱਚੋਂ ਲੰਘ ਰਹੇ ਹਨ। ਉਹਨਾਂ ਨੇ ਇਸਦੇ ਹੱਲ ਲਈ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਦੀ ਸੂਬੇ ਦੀ ਆਪਣੀ ਖੇਤੀ ਨੀਤੀ ਬਣਾ ਕੇ ਲਾਗੂ ਕਰਨ ਦੇ ਨਾਲ ਨਾਲ ਹਰ ਖੇਤ ਨੂੰ ਨਹਿਰੀ ਪਾਣੀ ਤੇ ਹਰ ਘਰ ਨੂੰ ਪੀਣ ਲਈ ਸਾਫ ਨਹਿਰੀ ਪਾਣੀ ਦੇਣ ਦੀ ਜ਼ੋਰਦਾਰ ਵਕਾਲਤ ਕੀਤੀ। ਸੂਬੇ ਦੇ ਜਰਜਰੇ ਹੋ ਚੁੱਕੇ ਨਹਿਰੀ ਢਾਂਚੇ ਦੀ ਮੁਰੰਮਤ ਅਤੇ ਨਵੇਂ ਇਲਾਕਿਆਂ ਵਿੱਚ ਵਿਸਥਾਰ ਦੀ ਲੋੜ ਨੂੰ ਕਿਸਾਨ ਵਫਦ ਨੇ ਪ੍ਰਮੁੱਖਤਾ ਨਾਲ ਉਭਾਰਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਦਰਿਆਵਾਂ ਤੇ ਮੀਹ ਦੇ ਅਜਾਈ ਜਾ ਰਹੇ ਪਾਣੀ ਨੂੰ ਸੰਭਾਲਣ ਲਈ ਲੋੜੀਂਦੇ ਕਦਮ ਪੁੱਟਣ ਲਈ ਅਤੇ ਡੈਮਾਂ ਵਿੱਚ ਭਰੀ ਗਾਰ ਨੂੰ ਕੱਢਣ ਲਈ ਕੇਂਦਰ ਸਰਕਾਰ ਸੂਬੇ ਨੂੰ ਵਿਸ਼ੇਸ਼ ਵਿੱਤੀ ਪੈਕਜ ਦੇਵੇ। ਉਹਨਾਂ ਨੇ ਦਰਿਆਈ ਪਾਣੀਆਂ ਦੇ ਮਸਲੇ ਨੂੰ ਰਿਪੇਰੀਅਨ-ਬੇਸਿਨ ਸਿਧਾਂਤ ਅਨੁਸਾਰ ਹੱਲ ਕਰਨ ਅਤੇ ਸੂਬੇ ਦੇ ਅਧਿਕਾਰਾਂ ਵਿੱਚ ਕੇਂਦਰ ਸਰਕਾਰ ਦੀ ਦਖਲਅੰਦਾਜ਼ੀ ਦਾ ਆਧਾਰ ਪੰਜਾਬ ਪੁਨਰਗਠਨ ਐਕਟ ਦੀਆਂ ਧਰਾਵਾਂ 78,79 ਅਤੇ 80 ਨੂੰ ਰੱਦ ਕਰਨ ਦੀ ਮੰਗ ਵੀ ਕੀਤੀ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨਿਯਮਾਂ ‘ਚ ਸੋਧ ਕਰਕੇ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਲਈ ਕੀਤੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਕਿਸਾਨ ਆਗੂਆਂ ਨੇ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਅਤੇ ਦਰਿਆਵਾਂ ਦੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪ੍ਰਭਾਵੀ ਕਦਮ ਚੁੱਕਣ ਦੀ ਜ਼ੋਰਦਾਰ ਵਕਾਲਤ ਕੀਤੀ।
ਕੇਂਦਰ ਸਰਕਾਰ ਵੱਲੋਂ ਅਮਰੀਕਾ ਦੇ ਦਬਾਅ ਥੱਲੇ ਮੁਕਤ ਵਪਾਰ ਸਮਝੌਤੇ ਲਈ ਕੀਤੀ ਜਾ ਰਹੀ ਗੱਲਬਾਤ ਬਾਰੇ ਐਸਕੇਐਮ ਦੇ ਆਗੂਆਂ ਨੇ ਸਪਸ਼ਟ ਸਟੈਂਡ ਲੈਂਦਿਆਂ ਕਿਹਾ ਕਿ ਇਸ ਸਬੰਧੀ ਜਾਰੀ ਕੀਤੀ ਬੁਨਿਆਦੀ ਰੂਪ ਰੇਖਾ( ਫਰੇਮ ਵਰਕ) ਕੌਮੀ ਤੇ ਕਿਸਾਨੀ ਹਿੱਤਾਂ ਵਿਰੋਧੀ ਹੈ। ਕਿਸਾਨ ਜਥੇਬੰਦੀਆਂ ਇਸ ਤਰ੍ਹਾਂ ਦੇ ਕਿਸੇ ਸਮਝੌਤੇ ਨੂੰ ਪ੍ਰਵਾਨ ਨਹੀਂ ਕਰਨਗੀਆਂ।
ਸੂਬੇ ‘ਚ ਹੰਢਣਸਾਰ, ਲਾਭਕਾਰੀ, ਵਾਤਾਵਰਨ ਅਤੇ ਕਿਸਾਨ ਪੱਖੀ ਖੇਤੀ ਨੀਤੀ ਬਣਾ ਕੇ ਲਾਗੂ ਕਰਨ ਦੀ ਮੰਗ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸੂਬੇ ਚ ਖੇਤੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਸੀ2+50% ਫਾਰਮੂਲੇ ਤਹਿਤ ਫਸਲਾਂ ਦੀ ਖਰੀਦ ਦਾ ਗਾਰੰਟੀ ਕਾਨੂੰਨ ਬਣਾ ਕੇ ਲਾਗੂ ਕਰਨਾ ਚਾਹੀਦਾ ਹੈ। ਕਿਸਾਨਾਂ ਨੂੰ ਫਸਲਾਂ ਦੇ ਵਾਜਬ ਭਾਅ ਨਾ ਮਿਲਣ ਕਰਕੇ ਹੀ ਕਿਸਾਨ ਮਜ਼ਦੂਰ ਕਰਜਾ ਕੁੜਿੱਕੀ ‘ਚ ਫਸੇ ਹਨ। ਸਰਕਾਰ ਜੇਕਰ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਤੇ ਲੀਕ ਮਾਰ ਸਕਦੀ ਹੈ ਤਾਂ ਫਿਰ ਕਿਸਾਨਾਂ ਮਜ਼ਦੂਰਾਂ ਨਾਲ ਵੱਖਰਾ ਸਲੂਕ ਕਿਉਂ ਕਰ ਰਹੀ ਹੈ? ਉਹਨਾਂ ਨੇ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਦੀ ਮੰਗ ਕੀਤੀ।
ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਬਿਜਲੀ ਸੋਧ ਅਤੇ ਬੀਜ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਕਰਨ ਦੇ ਨਾਲ ਨਾਲ ਐਸਕੇਐਮ ਦੇ ਵਫਦ ਨੇ ਪੰਜਾਬ ‘ਚ ਯੂਰੀਆ ਸਮੇਤ ਖਾਦਾਂ ਦੀ ਥੁੜ ਨੂੰ ਦੂਰ ਕਰਨ ਅਤੇ ਕਾਲਾਬਜ਼ਾਰੀ ਨੂੰ ਨੱਥ ਪਾਉਣ ਦਾ ਮੁੱਦਾ ਵੀ ਜੋਰ ਸ਼ੋਰ ਨਾਲ ਚੁੱਕਿਆ। ਕਿਸਾਨ ਆਗੂਆਂ ਨੇ ਤੇਲ ਅਤੇ ਗੈਸ ਦੇ ਰੇਟਾਂ ‘ਚ ਕੀਤੇ ਵਾਧੇ ਨੂੰ ਰੱਦ ਕਰਕੇ ਲੋਕਾਂ ਨੂੰ ਮਹਿੰਗਾਈ ਦੇ ਅਸਹਿ ਬੋਝ ਤੋਂ ਰਾਹਤ ਦੇਣ ਦੀ ਮੰਗ ਕਰਦਿਆਂ ਖੇਤੀ ਖੇਤਰ ਲਈ ਡੀਜ਼ਲ ਉੱਤੇ ਲਾਈ ਲਿਮਿਟ ਨੂੰ ਫੌਰੀ ਹਟਾਉਣ ਦੀ ਮੰਗ ਵੀ ਕੀਤੀ।
ਐਸਕੇਐਮ ਦੇ ਵਫਦ ਵਿੱਚ ਸਰਵਸ੍ਰੀ ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਬੂਟਾ ਸਿੰਘ ਬੁਰਜ ਗਿੱਲ, ਰਮਿੰਦਰ ਸਿੰਘ ਪਟਿਆਲਾ, ਬਲਦੇਵ ਸਿੰਘ ਨਿਹਾਲਗੜ੍ਹ,ਅੰਗਰੇਜ ਸਿੰਘ ਭਦੌੜ, ਝੰਡਾ ਸਿੰਘ ਜੇਠੂਕੇ, ਡਾ.ਸਤਨਾਮ ਸਿੰਘ ਅਜਨਾਲਾ, ਅਵਤਾਰ ਸਿੰਘ ਮਹਿਮਾ, ਬਲਵਿੰਦਰ ਸਿੰਘ ਰਾਜੂਔਲਖ, ਪ੍ਰੇਮ ਸਿੰਘ ਭੰਗੂ, ਜਸਕਰਨ ਸਿੰਘ ਗੋਲੇਵਾਲਾ, ਪਵਿੱਤਰ ਸਿੰਘ ਲਾਲੀ, ਗੁਰਨੇਕ ਸਿੰਘ ਭੱਜਲ,ਕੈਪਟਨ ਮੇਜਰ ਸਿੰਘ, ਵੀਰ ਸਿੰਘ ਬੜਵਾ, ਹਰਦੇਵ ਸਿੰਘ ਸੰਧੂ, ਮੁਕੇਸ਼ ਚੰਦਰ ਸ਼ਰਮਾ, ਸ਼ਿੰਗਾਰਾ ਸਿੰਘ ਮਾਨ, ਅਮਨਦੀਪ ਸਿੰਘ ਧਾਲੀਵਾਲ, ਕਸ਼ਮੀਰ ਸਿੰਘ, ਸੁਰਿੰਦਰ ਸਿੰਘ ਚੱਡਾ ਅਤੇ ਨਛੱਤਰ ਸਿੰਘ ਆਦਿ ਸ਼ਾਮਲ ਸਨ।
- 0
- 0
- 0
- 0















