–ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਹੋਵੇਗਾ ਜ਼ਿਲ੍ਹਾ ਪੱਧਰੀ ਸਮਾਗਮ
–ਡਿਪਟੀ ਕਮਿਸ਼ਨਰ ਨੇ ਤਿਆਰੀਆਂ ਸਬੰਧੀ ਵਿਭਾਗੀ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ
ਟਾਈਮਜ਼ ਆਫ਼ ਪੰਜਾਬ ਬਿਊਰੋ
ਬਠਿੰਡਾ, 19 ਜੂਨ :– ਜ਼ਿਲ੍ਹਾ ਪੱਧਰ ‘ਤੇ 21 ਜੂਨ ਨੂੰ 12ਵਾਂ ‘ਅੰਤਰਰਾਸ਼ਟਰੀ ਯੋਗ ਦਿਵਸ’ ਮਨਾਇਆ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਹ ਸਮਾਗਮ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਵਿਖੇ 21 ਜੂਨ ਨੂੰ ਸਵੇਰੇ 6:30 ਤੋਂ 7:30 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ।
ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਸਮਾਗਮ ਵਾਲੀ ਥਾਂ ‘ਤੇ ਸਫਾਈ, ਪੀਣ ਵਾਲੇ ਸਾਫ਼ ਪਾਣੀ, ਮੈਡੀਕਲ ਟੀਮਾਂ, ਅਤੇ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਯੋਗ ਅਭਿਆਸ ਸਵੇਰੇ ਨਿਰਧਾਰਿਤ ਸਮਾਂ ਸਵੇਰੇ 6:30 ਤੋਂ 7:30 ਵਜੇ ਤੱਕ ਕੀਤਾ ਜਾਵੇਗਾ, ਜਿਸ ਵਿੱਚ ਮਾਹਰ ਟ੍ਰੇਨਰਾਂ ਵੱਲੋਂ ਵੱਖ-ਵੱਖ ਆਸਣਾਂ ਦਾ ਅਭਿਆਸ ਕਰਵਾਇਆ ਜਾਵੇਗਾ।
ਮੀਟਿੰਗ ਦੌਰਾਨ ਯੋਗ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜੋਕੀ ਭੱਜ-ਦੌੜ ਅਤੇ ਮਾਨਸਿਕ ਤਣਾਅ ਵਾਲੀ ਜ਼ਿੰਦਗੀ ਵਿੱਚ ਯੋਗ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਯੋਗ ਕੇਵਲ ਇੱਕ ਕਸਰਤ ਨਹੀਂ ਹੈ, ਬਲਕਿ ਇਹ ਸਰੀਰ, ਮਨ ਅਤੇ ਆਤਮਾ ਦੇ ਆਪਸੀ ਤਾਲਮੇਲ ਦਾ ਵਿਗਿਆਨ ਹੈ। ਇਸ ਨਾਲ ਸਰੀਰ ਨਿਰੋਗ ਰਹਿੰਦਾ ਹੈ ਅਤੇ ਮਾਨਸਿਕ ਸ਼ਾਂਤੀ ਮਿਲਦੀ ਹੈ।
ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਬਠਿੰਡਾ ਵੱਲੋਂ ਸਮੂਹ ਜ਼ਿਲ੍ਹਾ ਨਿਵਾਸੀਆਂ, ਸਮਾਜਿਕ ਸੰਸਥਾਵਾਂ, ਮਹਿਲਾਵਾਂ, ਨੌਜਵਾਨਾਂ ਅਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ 21 ਜੂਨ ਨੂੰ 6.15 ਵਜੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਵਿਖੇ ਪਹੁੰਚ ਕੇ ਇਸ ਯੋਗ ਦਿਵਸ ਦਾ ਹਿੱਸਾ ਬਣਨ।
ਇਸ ਮੀਟਿੰਗ ਵਿੱਚ ਸੀਨੀਅਰ ਪੁਲਿਸ ਕਪਤਾਨ ਡਾ. ਜਯੋਤੀ ਯਾਦਵ ਬੈਂਸ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਅਮਨਦੀਪ ਸਿੰਘ ਮਾਵੀ, ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ ਤੋਂ ਇਲਾਵਾ ਸਿਹਤ ਵਿਭਾਗ, ਆਯੁਰਵੇਦ ਵਿਭਾਗ, ਨਗਰ ਨਿਗਮ, ਸਿੱਖਿਆ ਵਿਭਾਗ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਆਦਿ ਹਾਜ਼ਰ ਸਨ।
- 0
- 0
- 0
- 0















