ਮਿੰਟੂ ਖੁਰਮੀ ਹਿੰਮਤਪੁਰਾ
ਨਿਹਾਲ ਸਿੰਘ ਵਾਲਾ , 23 ਜੂਨ--ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ, ਬਲਾਕ ਨਿਹਾਲ ਸਿੰਘ ਵਾਲਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਗੁਰਮੇਲ ਸਿੰਘ ਮਾਨ ਦੀ ਅਗਵਾਈ ਹੇਠ ਕਾਮਰੇਡ ਗੁਰਬਖਸ਼ ਸਿੰਘ ਯਾਦਗਾਰੀ ਹਾਲ ਵਿਖੇ ਹੋਈ। ਮੀਟਿੰਗ ਨੂੰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਵਜੋਂ ਮਨਾਇਆ ਗਿਆ। ਇਸ ਮੌਕੇ ਡਾ. ਗੁਰਚਰਨ ਸਿੰਘ ਹਿੰਮਤਪੁਰਾ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ।
ਮੀਟਿੰਗ ਦੌਰਾਨ ਭਗਵਾਨ ਸਿੰਘ ਰਾਮਾ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੀਵਨੀ ਅਤੇ ਸ਼ਹਾਦਤ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਪੂਰ ਹੈ ਅਤੇ ਸਿੱਖ ਕੌਮ ਹਮੇਸ਼ਾ ਸਰਬੱਤ ਦੇ ਭਲੇ ਲਈ ਸੰਘਰਸ਼ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ।
ਸੁਖਵਿੰਦਰ ਗੋਲਣ ਅਤੇ ਮੀਤ ਪ੍ਰਧਾਨ ਜਸਵੀਰ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਨੂੰ ਸਿਰਫ਼ ਚੋਣੀ ਵਾਅਦਿਆਂ ਤੱਕ ਹੀ ਸੀਮਿਤ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜੱਥੇਬੰਦੀ ਦੀ ਏਕਤਾ ਹੀ ਸਭ ਤੋਂ ਵੱਡੀ ਤਾਕਤ ਹੈ ਅਤੇ ਹਰ ਮੈਂਬਰ ਨੂੰ ਤਨ, ਮਨ ਅਤੇ ਧਨ ਨਾਲ ਸੰਸਥਾ ਨੂੰ ਮਜ਼ਬੂਤ ਕਰਨ ਲਈ ਯੋਗਦਾਨ ਦੇਣਾ ਚਾਹੀਦਾ ਹੈ।
ਜਨਰਲ ਸਕੱਤਰ ਅਮਨਪ੍ਰੀਤ ਸਿੰਘ ਦੌਧਰ, ਜ਼ਿਲ੍ਹਾ ਜਨਰਲ ਸਕੱਤਰ ਰਜਿੰਦਰ ਲੋਪੋ ਅਤੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਮਾਨ ਨੇ ਕਿਹਾ ਕਿ ਜੱਥੇਬੰਦੀ ਨੂੰ ਆਗੂਆਂ ਨੇ ਲੰਬੇ ਸੰਘਰਸ਼ ਅਤੇ ਮਿਹਨਤ ਨਾਲ ਖੜ੍ਹਾ ਕੀਤਾ ਹੈ, ਜਿਸ ਦੀ ਬਦੌਲਤ ਅੱਜ ਪ੍ਰੈਕਟੀਸ਼ਨਰ ਆਪਣੇ ਕਲੀਨਿਕ ਚਲਾ ਰਹੇ ਹਨ। ਉਨ੍ਹਾਂ ਸਾਰੇ ਮੈਂਬਰਾਂ ਨੂੰ ਜੱਥੇਬੰਦੀ ਪ੍ਰਤੀ ਸਮਰਪਿਤ ਰਹਿਣ ਅਤੇ ਆਪਣੇ ਅਧਿਕਾਰ ਖੇਤਰ ਵਿੱਚ ਰਹਿ ਕੇ ਪ੍ਰੈਕਟਿਸ ਕਰਨ ਦੀ ਅਪੀਲ ਕੀਤੀ।
ਚਮਕੌਰ ਸਿੰਘ ਖਾਈ, ਕੇਵਲ ਸਿੰਘ ਮਾਛੀਕੇ ਅਤੇ ਗੁਰਪ੍ਰੀਤ ਸਿੰਘ ਮੀਨੀਆਂ ਨੇ ਕਿਹਾ ਕਿ ਸੰਗਰੂਰ ਰੈਲੀ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬਾਈ ਆਗੂਆਂ ਨਾਲ ਮੀਟਿੰਗ ਕਰਕੇ ਜਲਦੀ ਹੀ ਕਿਸੇ ਕੋਰਸ ਰਾਹੀਂ ਰਜਿਸਟ੍ਰੇਸ਼ਨ ਦੇਣ ਦਾ ਭਰੋਸਾ ਦਿੱਤਾ ਹੈ ਅਤੇ ਪ੍ਰੈਕਟੀਸ਼ਨਰਾਂ ਦੀਆਂ ਸੂਚੀਆਂ ਸਬੰਧਤ ਵਿਭਾਗ ਨੂੰ ਭੇਜੀਆਂ ਜਾ ਚੁੱਕੀਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਵਿੱਚ ਹੋਰ ਟਾਲ-ਮਟੋਲ ਕੀਤੀ ਤਾਂ ਸੂਬਾ ਕਮੇਟੀ ਦੀ ਅਗਵਾਈ ਹੇਠ ਪਹਿਲਾਂ ਨਾਲੋਂ ਵੀ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਮੀਟਿੰਗ ਵਿੱਚ ਕੈਸ਼ੀਅਰ ਚਮਕੌਰ ਸਿੰਘ ਖਾਈ, ਗੁਰਪ੍ਰੀਤ ਸਿੰਘ ਰੌਂਤਾ, ਗਗਨ ਡਾਲਾ, ਅਮਰਜੀਤ ਸਿੰਘ ਰਾਊਕੇ, ਰੁਪਿੰਦਰ ਸਿੰਘ ਦੀਦਾਰੇਵਾਲਾ, ਰਾਮ ਸਿੰਘ ਸੈਦੋਕੇ, ਪ੍ਰੈੱਸ ਸਕੱਤਰ ਭਗਵਾਨ ਸਿੰਘ ਖੋਟੇ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।
- 0
- 0
- 0
- 0















