ਜਸਵੰਤ ਰਾਏ
ਜਗਰਾਓਂ, 23 ਜੂਨ– ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਅੰਦਰ ਵੱਸਦੇ ਲੋਕਾਂ ਨੂੰ ਮਾਲਕੀ ਹੱਕ ਦੇਣ ਲਈ “ਮੇਰਾ ਘਰ ਮੇਰੇ ਨਾਂ” ਤਹਿਤ ਚਲਾਈ ਸਕੀਮ ਦੀ ਢਿੱਲੀ ਚਾਲ ਕਾਰਨ ਲਾਲ ਲਕੀਰ ਅੰਦਰ ਵੱਸਦੇ ਲੋਕ ਮਾਲਕੀ ਹੱਕਾਂ ਤੋਂ ਵਾਂਝੇ ਹਨ। ਇਸ ਸਬੰਧੀ ਅੱਜ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਸਿੱਧਵਾਂ ਕਲਾਂ ਵਿਖੇ ਮਜ਼ਦੂਰਾਂ ਦੀ ਇੱਕਤਰਤਾ ਕੀਤੀ ਗਈ। ਇੱਕਤਰ ਮਜ਼ਦੂਰ ਪਰਿਵਾਰਾਂ ਅਤੇ ਜੱਥੇਬੰਦੀ ਦੇ ਇਲਾਕਾ ਪ੍ਰਧਾਨ ਕੁਲਵੰਤ ਸਿੰਘ ਸੋਨੀ, ਹਾਕਮ ਸਿੰਘ, ਮੇਜ਼ਰ ਸਿੰਘ ਅਤੇ ਜਸਵੀਰ ਕੌਰ ਨੇ ਦੱਸਿਆ ਕਿ ਸਾਡੇ ਪਿੰਡ ਸਿੱਧਵਾਂ ਕਲਾਂ ਵਿਖੇ ਭਾਵੇਂ ਡਰੋਨ ਰਾਂਹੀ ਫੋਟੋ ਖਿੱਚ ਕੇ ਵੱਡੀ ਤਦਾਦ ਵਿੱਚ ਲੋਕਾਂ ਨੂੰ ਲਾਲ ਲਕੀਰ ਦੇ ਮਾਲਕੀ ਹੱਕ ਦੇ ਦਿੱਤੇ ਗਏ ਹਨ ਪਰ ਇਹ ਡਰੋਨ ਦਲਿਤ ਤੇ ਮਜ਼ਦੂਰ ਬਸਤੀ ਉਪਰ ਨਹੀਂ ਉਡਾਇਆ ਗਿਆ ਜਿਸ ਕਰਕੇ ਗਰੀਬ ਦਲਿਤ ਤੇ ਮਜ਼ਦੂਰ ਪਰਿਵਾਰ ਲਾਲ ਲਕੀਰ ਦੇ ਮਾਲਕੀ ਹੱਕ ਤੋਂ ਅਜੇ ਤੱਕ ਵਾਂਝੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਰਾ ਸਿੰਘ ਪ੍ਰਿਤਪਾਲ ਸਿੰਘ ਪ੍ਰੀਤਮ ਸਿੰਘ, ਰਮਨਦੀਪ ਕੌਰ, ਗੋਗੀ ਕੌਰ, ਪਰਮਜੀਤ ਕੌਰ, ਕੁਲਦੀਪ ਕੌਰ, ਮੋਹਣੀ ਕੌਰ,ਭਜਨ ਸਿੰਘ ਅਤੇ ਛਿੰਦਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਸਨ।
ਪ੍ਰੈਸ ਨੂੰ ਇੱਕ ਵੱਖਰਾ ਬਿਆਨ ਜਾਰੀ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ ਨੇ ਮੰਗ ਕੀਤੀ ਕਿ ਜ਼ਿਲ੍ਹੇ ਅੰਦਰ ਫੌਰੀ ਤੌਰ ਤੇ “ਮੇਰਾ ਘਰ ਮੇਰੇ ਨਾਂ” ਸਕੀਮ ਤਹਿਤ ਲਾਲ ਲਕੀਰ ਦੇ ਮਾਲਕੀ ਹੱਕ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਜੇਕਰ ਸਰਕਾਰ ਨੇ ਢਿੱਲ ਮੱਠ ਕੀਤੀ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜੱਥੇਬੰਦੀ ਵੱਲੋਂ ਐਸ ਡੀ ਐਮ ਜਗਰਾਉਂ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਜਾਵੇਗਾ।
- 0
- 0
- 0
- 0














