–ਆਮ ਆਦਮੀ ਪਾਰਟੀ ਅਤੇ ਭਾਜਪਾ ਵਿੱਚ ਸ਼ਮੂਲੀਅਤ ਲਈ ਸਰਗਰਮ ਹੋਏ ਚੋਣ ਉਮੀਦਵਾਰ
ਟੀ. ਕੇ. ਸ਼ਰਮਾ
ਨਾਭਾ, 11 ਮਈ– ਕੌਂਸਲ ਚੋਣਾਂ ਦੀ ਤਾਰੀਖ ਦੇ ਐਲਾਨ ਹੁੰਦਿਆਂ ਹੀ ਚੋਣ ਉਮੀਦਵਾਰਾਂ ਵਿੱਚ ਚੁਸਤੀ ਆ ਗਈ ਹੈ ਅਤੇ ਚੋਣਾਂ ਦੀਆਂ ਤਿਆਰੀਆਂ ਲਈ ਸਿਆਸੀ ਪਾਰਟੀਆਂ ਦੇ ਨਾਲ ਚੋਣ ਉਮੀਦਵਾਰਾਂ ਵਿਚਕਾਰ ਸਿਆਸੀ ਦੌੜ ਤੇਜ ਹੋ ਗਈ ਹੈ। ਨਾਭਾ ਕੌਂਸਲ ਅਧੀਨ ਕੁਲ 23 ਵਾਰਡ ਹਨ ਜਿਨਾਂ ਸਬੰਧੀ ਨਵੀਂ ਵਾਰਡਬੰਦੀ ਦਾ ਐਲਾਨ ਹੋ ਚੁੱਕਾ ਹੈ। ਇਸ ਨਵੀਂ ਵਾਰਡਵੰਦੀ ਨਾਲ ਵਾਰਡਾਂ ਦੀ ਰਦੋ ਬਦਲ ਹੋ ਗਈ ਹੈ ਜੋਕਿ ਵਿਰੋਧੀ ਉਮੀਦਵਾਰਾਂ ਨੂੰ ਬਿਲਕੁਲ ਹਜਮ ਨਹੀਂ ਹੋ ਰਹੀ ਹੈ। ਨਾਭਾ ਕੌਂਸਲ ਦੇ ਵਾਰਡ ਨੰਬਰ 2, 17 ਅਤੇ 23 ਲਈ ਵਾਰਡਬੰਦੀ ਦੀਆਂ ਨਵੀਂ ਜਾਰੀ ਹਦਾਇਤਾਂ ਨੂੰ ਜਿੱਥੇ ਚੋਣਵੇਂ ਸਿਆਸੀ ਆਗੂਆਂ ਵੱਲੋਂ ਜਮੀਨੀ ਹਕੀਕਤ ਤੋਂ ਬਿਲਕੁਲ ਉਲਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਉੱਥੇ ਨਵੀਆਂ ਹਦਾਇਤਾਂ ਨੇ ਹਲਕਾ ਨਾਭਾ ਦੇ ਸਿਆਸੀ ਸਮੀਕਰਨਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਨਵੀਂ ਵਾਰਡਬੰਦੀ ਕਾਰਨ ਵਾਰਡਾਂ ਦੇ ਬਦਲਵੇਂ ਰੂਪ ਵਿੱਚ ਸਾਹਮਣੇ ਆਉਣ ਨਾਲ ਕਈ ਵਾਰਡ ਹਾਟ ਸੀਟਾਂ ਵਿੱਚ ਬਦਲਣੇ ਸ਼ੁਰੂ ਹੋ ਗਏ ਹਨ ਜਦਕਿ ਕਈ ਵਾਰਡਾਂ ਲਈ ਉਮੀਦਵਾਰਾਂ ਦੀ ਦਾਅਵੇਦਾਰੀਆ ਦਿਨ ਪ੍ਰਤੀ ਦਿਨ ਵਧਣ ਲੱਗ ਪਈਆਂ ਹਨ। ਵਾਰਡ ਨੰਬਰ 19 ਲਈ ਮੁਕਾਬਲਾ ਦਿਲਚਸਪ ਨਜਰ ਆਉਣਾ ਸ਼ੁਰੂ ਹੋ ਗਿਆ ਹੈ। ਵਾਰਡ ਨੰਬਰ 23 ਤੋਂ ਸਾਬਕਾ ਕੌਂਸਲਰ ਰੋਜੀ ਨਾਗਪਾਲ ਅਤੇ ਉਨਾਂ ਦੇ ਪਤੀ ਦੀਪਕ ਨਾਗਪਾਲ ਨੇ ਹੁਣ ਵਾਰਡ ਨੰਬਰ 19 ਤੋਂ ਸਰਗਰਮੀਆਂ ਵਧਾ ਦਿੱਤੀਆਂ ਹਨ ਜਦਕਿ ਇਸੇ ਵਾਰਡ ਤੋਂ ਜਿੱਤਦੇ ਆ ਰਹੇ ਕਾਂਗਰਸ ਦੇ ਹਰੀ ਕ੍ਰਿਸ਼ਨ ਸੇਠ ਕਾਫੀ ਮਜ਼ਬੂਤ ਸਥਿਤੀ ਵਿੱਚ ਹੋ ਕੇ ਲਗਾਤਾਰ ਸਰਗਰਮ ਹਨ। ਵਾਰਡ ਨੰਬਰ 10 ਤੋਂ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਟੀ ਦੀ ਅਣਸਮੇਂ ਮੌਤ ਬਾਦ ਮਿੱਤਲ ਪਰਿਵਾਰ ਨੇ ਸਿਆਸਤ ਤੋਂ ਬਣਾਈਆਂ ਦੂਰੀਆਂ ਸਮਾਪਤ ਹੋ ਗਈਆਂ ਹਨ। ਵਾਰਡ ਨੰਬਰ 09 ਤੋਂ ਮਰਹੂਮ ਸਾਬਕਾ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਟੀ ਦੇ ਹੋਣਹਾਰ ਸਪੁੱਤਰ ਮਯੰਕ ਮਿੱਤਲ ਕਾਂਗਰਸ ਪਾਰਟੀ ਦੇ ਚੋਣ ਉਮੀਦਵਾਰ ਬਣਨ ਨੂੰ ਤਿਆਰ ਹੋ ਗਏ ਹਨ।
ਦਿਲਚਸਪ ਹੈ ਕਿ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਅਤੇ ਭਾਜਪਾ ਚੋਣ ਉਮੀਦਵਾਰਾਂ ਦੀ ਪਹਿਲੀ ਪਸੰਦ ਬਣਦੀਆਂ ਨਜਰ ਆ ਰਹੀਆਂ ਹਨ। ਕੌਂਸਲ ਚੋਣਾਂ ਦੇ ਸਿਆਸੀ ਦੰਗਲ ਵਿੱਚ ਸਫਲਤਾ ਲਈ ਆਪ, ਭਾਜਪਾ, ਕਾਂਗਰਸ ਅਤੇ ਅਕਾਲੀ ਆਦਿ ਸਾਰੀਆਂ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਉਤਸ਼ਾਹਿਤ ਨਜਰ ਆ ਰਹੀਆਂ ਹਨ ਜਿਨਾਂ ਵਿੱਚ ਕੌਂਸਲ ਚੋਣਾਂ ਦੀਆਂ ਟਿਕਟਾਂ ਦੇ ਦਾਅਵੇਦਾਰਾਂ ਦੀ ਵੱਧ ਰਹੀ ਗਿਣਤੀ ਨਾਲ ਸਿਆਸੀ ਮਾਹੌਲ ਰੌਚਕ ਅਤੇ ਦਿਲਚਸਪ ਹੋਣਾ ਸ਼ੁਰੂ ਹੋ ਗਿਆ ਹੈ।
- 0
- 0
- 0
- 0














