ਟਾਈਮਜ਼ ਆਫ਼ ਪੰਜਾਬ ਬਿਊਰੋ
ਮਾਨਸਾ, 19 ਅਕਤੂਬਰ — ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਾਨਸਾ ਦੌਰੇ ਨੂੰ ਲੈ ਕੇ ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਦਾ ਇੱਕ ਬਹੁਤ ਹੀ ਵੱਡਾ ਅਤੇ ਸਪਸ਼ਟ ਬਿਆਨ ਸਾਹਮਣੇ ਆਇਆ ਹੈ, ਜਿਸ ਨੇ ਸਾਰੀਆਂ ਕਿਆਸਅਰਾਈਆਂ ਨੂੰ ਖ਼ਤਮ ਕਰ ਦਿੱਤਾ ਹੈ। ਭੀਮ ਸਿੰਘ ਨੇ ਸਾਫ਼ ਸ਼ਬਦਾਂ ਵਿੱਚ ਆਖਿਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਾਨਸਾ ਦੌਰੇ ਦੌਰਾਨ ਪਰਿਵਾਰ ਵੱਲੋਂ ਜਾਂ ਕਿਸੇ ਵੀ ਹਮਦਰਦ ਵੱਲੋਂ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਐਕਸ਼ਨ ਕਮੇਟੀ ਅਤੇ ਕੁਝ ਹੋਰ ਧਿਰਾਂ ਵੱਲੋਂ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਅਮਿਤ ਸ਼ਾਹ ਦੇ ਦੌਰੇ ਦਾ ਵਿਰੋਧ ਕੀਤਾ ਜਾ ਸਕਦਾ ਹੈ। ਪਰ ਇਸ ਤੋਂ ਬਿਲਕੁਲ ਉਲਟ ਸਥਿਤੀ ਨੂੰ ਸਪਸ਼ਟ ਕਰਦਿਆਂ ਭੀਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਿਤ ਸ਼ਾਹ ਦੇ ਵਿਰੋਧ ਦਾ ਮਤਲਬ ਸਿੱਧੇ ਤੌਰ ‘ਤੇ ਉਨ੍ਹਾਂ (ਭੀਮ ਸਿੰਘ) ਦਾ ਆਪਣਾ ਵਿਰੋਧ ਹੋਵੇਗਾ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇਸ਼ ਲਈ ਸਮਰਪਿਤ ਰਿਹਾ ਹੈ ਅਤੇ ਪਰਿਵਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਤੋਂ ਪੂਰੀ ਆਸ ਅਤੇ ਉਮੀਦ ਹੈ ਕਿ ਉਹ ਇਸ ਪੂਰੇ ਮਾਮਲੇ ਵਿੱਚ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਯਕੀਨੀ ਬਣਾਉਣਗੇ।
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਸਖ਼ਤ ਲਹਿਜ਼ੇ ਵਿੱਚ ਇਹ ਵੀ ਆਖਿਆ ਕਿ ਜੇਕਰ ਕੋਈ ਵਿਅਕਤੀ ਜਾਂ ਧਿਰ ਇਸ ਦੌਰੇ ਮੌਕੇ ਅਮਿਤ ਸ਼ਾਹ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਪਰਿਵਾਰ ਇਸ ਦੇ ਬਿਲਕੁਲ ਹੱਕ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਉਹ ਵਿਅਕਤੀ ਜੋ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਜਾਂ ਹਮਦਰਦੀ ਪ੍ਰਗਟ ਕਰਨ ਆਉਂਦਾ ਹੈ, ਉਸ ਦਾ ਸਵਾਗਤ ਹੈ। ਇੱਥੋਂ ਤੱਕ ਕਿ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਸਾਰੇ ਅਹਿਮ ਫ਼ੈਸਲੇ ਪਰਿਵਾਰ ਦੀ ਸਹਿਮਤੀ ਅਤੇ ਮਰਹੂਮ ਪਰਵਿੰਦਰ ਝੋਟਾ ਦੀ ਧਰਮ-ਪਤਨੀ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਹੀ ਲਏ ਜਾਣਗੇ।
ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦਾ ਮੰਨਣਾ ਹੈ ਕਿ ਪਿਛਲੇ ਦਿਨਾਂ ਦੌਰਾਨ ਕੁਝ ਫ਼ੈਸਲਿਆਂ ਬਾਰੇ ਪਰਿਵਾਰ ਨੂੰ ਪੂਰੀ ਤਰ੍ਹਾਂ ਭਰੋਸੇ ਵਿੱਚ ਨਹੀਂ ਲਿਆ ਗਿਆ ਸੀ, ਜਿਸ ਕਰਕੇ ਹੁਣ ਪਰਿਵਾਰ ਨੇ ਆਪਣੇ ਪੱਧਰ ‘ਤੇ ਹਰ ਗਤੀਵਿਧੀ ਨੂੰ ਸਪਸ਼ਟ ਕਰ ਦਿੱਤਾ ਹੈ। ਹਾਲਾਂਕਿ ਅਜੇ ਤੱਕ ਪ੍ਰਸ਼ਾਸਨ ਜਾਂ ਸੁਰੱਖਿਆ ਏਜੰਸੀਆਂ ਵੱਲੋਂ ਅਮਿਤ ਸ਼ਾਹ ਦੇ ਦੌਰੇ ਦਾ ਅਧਿਕਾਰਤ ਪ੍ਰੋਗਰਾਮ ਜਾਰੀ ਨਹੀਂ ਕੀਤਾ ਗਿਆ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਉਨ੍ਹਾਂ ਦਾ ਪੂਰਾ ਸ਼ਡਿਊਲ ਸਾਹਮਣੇ ਆ ਜਾਵੇਗਾ ਕਿ ਇਹ ਮੁਲਾਕਾਤ ਧਰਨੇ ਵਾਲੀ ਥਾਂ ‘ਤੇ ਹੋਵੇਗੀ ਹੋਰ ਕਿਸੇ ਸਥਾਨ ਤੇ ਨਹੀਂ ਹੋਵੇਗੀ ।
- 0
- 0
- 0
- 0















