ਟਾਈਮਜ਼ ਆਫ਼ ਪੰਜਾਬ ਬਿਊਰੋ
ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ,19 ਅਕਤੂਬਰ : — ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਪਵਿੱਤਰ ਤਿਉਹਾਰ ਇਲਾਕੇ ਦੀ ਮਸ਼ਹੂਰ ਵਿੱਦਿਅਕ ਸਿੱਖਿਆ ਸੰਸਥਾ ਸੁਪਰੀਮ ਕੌਨਵੈਂਟ ਸਕੂਲ ਬਿਲਾਸਪੁਰ ਵਿਖੇ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿਚ ਵਿਸ਼ੇਸ਼ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਅਤੇ ਦੁਸਹਿਰੇ ਦੇ ਮਹੱਤਵ ਨੂੰ ਦਰਸਾਉਂਦੀਆਂ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਸਭ ਦਾ ਮਨ ਮੋਹ ਲਿਆ। ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਸੱਚਾਈ, ਨੇਕੀ, ਮਰਿਆਦਾ ਅਤੇ ਧਰਮ ਦੇ ਮਾਰਗ ਤੇ ਚੱਲਣ ਦਾ ਸੁਨੇਹਾ ਦਿੱਤਾ।
ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦੁਸਹਿਰੇ ਦੇ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਸਕੂਲ ਪ੍ਰਧਾਨ ਚਰਨ ਸਿੰਘ ਤੇ ਸਕੂਲ ਚੇਅਰਮੈਨ ਯੋਗਿੰਦਰ ਪ੍ਰਸਾਦ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਸਹਿਰਾ ਸਾਨੂੰ ਸਿਖਾਉਂਦਾ ਹੈ ਕਿ ਹੰਕਾਰ, ਝੂਠ ਅਤੇ ਬੁਰਾਈ ਦਾ ਅੰਤ ਨਿਸ਼ਚਿਤ ਹੈ, ਜਦਕਿ ਸੱਚਾਈ ਅਤੇ ਨੇਕੀ ਦੀ ਹਮੇਸ਼ਾ ਜਿੱਤ ਹੁੰਦੀ ਹੈ। ਉਨ੍ਹਾਂ ਬੱਚਿਆਂ ਨੂੰ ਆਪਣੇ ਅੰਦਰਲੀਆਂ ਬੁਰਾਈਆਂ ਨੂੰ ਦੂਰ ਕਰਕੇ ਚੰਗੇ ਸੰਸਕਾਰ ਅਪਣਾਉਣ ਅਤੇ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਿੰਸੀਪਲ ਜਸਮੇਲ ਸਿੰਘ ਵੱਲੋਂ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਦੁਸਹਿਰੇ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਸਮਾਗਮ ਦਾ ਸਮਾਪਨ ਸੱਚਾਈ, ਏਕਤਾ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੰਦਿਆਂ ਕੀਤਾ ਗਿਆ।
- 0
- 0
- 0
- 0















