ਜਸਵੰਤਰਾਏ
ਜਗਰਾਓਂ, 19 ਮਈ – ਨਜਾਇਜ਼ ਹਿਰਾਸਤ ਵਿੱਚ ਅੱਤਿਆਚਾਰਾਂ ਦੇ ਮਾਮਲੇ ‘ਚ ਐਫ਼ਆਈਆਰ ਦਰਜ ਕਰਨ ਅਤੇ ਡੀਡੀਆਰ ਪਾਉਣ ਸਬੰਧੀ ਕੀਤੀ ਗਈ ਕਾਰਵਾਈ ਰਿਪੋਰਟ ਦੇ ਕੇਸ ਦੀ ਸੁਣਵਾਈ ਦੌਰਾਨ ਦਿਹਾਤੀ ਪੁਲਿਸ ਦੇ ਗ਼ੈਰ ਹਾਜ਼ਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਵਲੋ “ਜਮਾਨਤੀ ਵਾਰੰਟ” ਜਾਰੀ ਕਰਨ ਦਾ ਚਿਤਾਵਨੀ ਨੋਟਿਸ ਭੇਜਿਆ ਹੈ। ਦੱਸਣਯੋਗ ਹੈ ਕਿ ਅਪਰਾਧਿਕ ਮਾਮਲੇ ਵਿੱਚ ਐਫ਼ਆਈਆਰ ਦਰਜ ਕਰਨ ਦੀ ਮੰਗ ਨੂੰ ਲੈਕੇ ਪਿਛਲੇ ਚਾਰ ਸਾਲਾਂ ਤੋਂ ਥਾਣੇ ਮੂਹਰੇ ਧਰਨੇ ‘ਤੇ ਬੈਠੇ ਪੀੜ੍ਹਤਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਚਕਰ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਸੋਹਣ ਸਿੰਘ ਸਬੱਦੀ, ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਰਪੂਰ ਸਿੰਘ ਛੱਜਾਵਾਲ, ਮਜ਼ਦੂਰ ਸਭਾ ਦੇ ਸਕੱਤਰ ਨਿਰਮਲ ਸਿੰਘ ਧਾਲੀਵਾਲ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਜਾਣਬੁੱਝ ਕੇ ਕਾਨੂੰਨ ਨੂੰ ਛਿੱਕੇ ਟੰਗ ਰਹੇ ਹਨ ਅਤੇ ਪੀੜ੍ਹਤਾਂ ਨੂੰ ਇਨਸਾਫ਼ ਨਹੀਂ ਦੇ ਰਹੇ। ਉਨ੍ਹਾਂ ਦੱਸਿਆ ਕਿ ਉੱਚ ਪੱਧਰੀ ਪੜਤਾਲੀਆ ਰਿਪੋਰਟਾਂ, ਰਾਜ਼ ਤੇ ਕੇਂਦਰੀ ਕਮਿਸ਼ਨਾਂ ਦੀਆਂ ਸਿਫਾਰਸ਼ਾਂ ਦੇ ਬਾਵਜੂਦ ਐਫ਼ਆਈਆਰ ਦਰਜ ਕਰਨ ਤੋਂ ਇਨਕਾਰੀ ਪੁਲਿਸ ਅਧਿਕਾਰੀਆਂ ਦੇ ਅੜੀਅਲ ਵਤੀਰੇ ਤੋਂ ਖ਼ਫ਼ਾ ਰਾਜ ਸੂਚਨਾ ਕਮਿਸ਼ਨਰ ਵਲੋਂ ਸੀਨੀਅਰ ਜ਼ਿਲ੍ਹਾ ਦਿਹਾਤੀ ਪੁਲਿਸ ਮੁਖੀ ਡਾ. ਅੰਕੁਰ ਗੁਪਤਾ ਨੋਟਿਸ ਦੀ ਕਾਪੀ ਭੇਜਦੇ ਹੋਏ ਥਾਣਾਮੁਖੀ ਨੂੰ ਅਗਲੀ ਸੁਣਵਾਈ ਦੌਰਾਨ ਹਾਜ਼ਰ ਆਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆਂ ਕਿ ਕਮਿਸ਼ਨਰ ਵਲੋਂ ਚਿਤਾਵਨੀ ਦਿੱਤੀ ਹੈ ਕਿ ਗੈਰਹਾਜ਼ਰੀ ਦੀ ਹਾਲਤ ਵਿੱਚ ਵਿਭਾਗੀ ਕਾਰਵਾਈ ਲਈ ਲਿਖਿਆ ਜਾਵੇਗਾ। ਇਸ ਸਮੇਂ ਪਟੀਸ਼ਨਰ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਮੌਕੇ ਦੇ ਕਥਿਤ ਥਾਣਾਮੁਖੀ ਅਤੇ ਏਐਸਆਈ ਨੇ ਉਨ੍ਹਾਂ ਨੂੰ ਪਰਿਵਾਰ ਸਮੇਤ ਜ਼ਬਰੀ ਅਗਵਾ ਕਰਕੇ ਡੀਐਸਪੀ ਦੇ ਦਫ਼ਤਰ ਵਿਚ ਨਜਾਇਜ਼ ਹਿਰਾਸਤ ਵਿੱਚ ਰੱਖਿਆ ਸੀ ਅਤੇ ਫਿਰ ਥਾਣਾਮੁਖੀ ਵਲੋਂ ਬਣਾਏ ਤਸੀਹਾ ਘਰ ‘ਚ ਲਿਜਾ ਕੇ ਅਣਮਨੁੱਖੀ ਤਸੀਹੇ ਦਿੱਤੇ, ਤੀਜੇ ਦਰਜੇ ਦੇ ਅੱਤਿਆਚਾਰ ਕੀਤੇ ਸਨ। ਇਸ ਮੌਕੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਵਰਕਰ ਕੁਲਦੀਪ ਸਿੰਘ, ਹਰਪਾਲ ਸਿੰਘ, ਗੁਰਦੀਪ ਸਿੰਘ ਸਬੱਦੀ ਪੀੜਤਾ ਸੁਰਿੰਦਰ ਕੌਰ ਰਸੂਲਪੁਰ, ਗੁਰਮੇਲ ਕੌਰ, ਜੱਗਾ ਸਿੰਘ, ਸੁਏਬ ਖਾਨ, ਅਕਬਰ ਖਾਨ ਵੀ ਹਾਜ਼ਰ ਸਨ।
- 0
- 0
- 0
- 0














